ਰਾਮ ਤੀਰਥ, 11 ਮਈ (ਧਰਵਿੰਦਰ ਸਿੰਘ ਔਲਖ)-ਰਾਸ਼ਟਰੀ ਕੈਡਿਟ ਕੋਰ ਦਾ 10-ਦਿਨਾਂ ਸੰਯੁਕਤ ਸਾਲਾਨਾ ਸਿਖਲਾਈ ਕੈਂਪ ਉਦਯੋਗਿਕ ਸਿਖ਼ਲਾਈ ਸੰਸਥਾ, ਰਾਮ ਤੀਰਥ ਵਿਖੇ ਆਯੋਜਿਤ ਕੀਤਾ ਗਿਆ | ਸੀ.ਏ.ਟੀ.ਸੀ.-03, 01 ਮਈ 2026 ਨੂੰ 24 ਪੰਜਾਬ ਬਟਾਲੀਅਨ ਐੱਨ.ਸੀ.ਸੀ. ਦੇ ਕਮਾਂਡਿੰਗ ਅਫਸਰ ਕਰਨਲ ਪੀ.ਐੱਸ. ਰਿਆੜ ਦੀ ਅਗਵਾਈ ਹੇਠ ਸ਼ੁਰੂ ਹੋਇਆ ਜੋ ਅੱਜ ਸਮਾਪਤ ਹੋ ਗਿਆ | ਕੈਂਪ ਵਿਚ ਸੀਨੀਅਰ ਅਤੇ ਜੂਨੀਅਰ ਡਿਵੀਜ਼ਨਾਂ ਦੇ 485 ਉਤਸ਼ਾਹੀ ਤੇ ਦਿ੍ੜ ਐੱਨ.ਸੀ.ਸੀ. ਕੈਡਿਟਾਂ ਦੇ ਨਾਲ-ਨਾਲ 24 ਪੰਜਾਬ ਬਟਾਲੀਅਨ ਐੱਨ.ਸੀ.ਸੀ. ਦੀ ਸਮਰਪਿਤ ਟੀਮ ਤੇ ਵੱਖ-ਵੱਖ ਕਾਲਜਾਂ ਅਤੇ ਸਕੂਲਾਂ ਦੇ ਏ.ਐੱਨ.ਓ.ਐੱਸ./ਸੀ.ਟੀ.ਓਜ਼. ਨੇ ਹਿੱਸਾ ਲਿਆ | ਕੈਡਿਟਾਂ ਅੰਮਿ੍ਤਸਰ, ਗੁਰਦਾਸਪੁਰ ਤੇ ਤਰਨਤਾਰਨ ਜ਼ਿਲਿ੍ਹਆਂ ਦੇ 17 ਤੋਂ ਵੱਧ ਸਕੂਲਾਂ/ਕਾਲਜਾਂ ਤੋਂ ਆਈਆਂ ਸਨ | ਸਾਰੇ ਕੈਡਿਟਾਂ ਨੇ 10-ਦਿਨਾਂ ਕੈਂਪ ਵਿਚ ਸਰਗਰਮੀ ਨਾਲ ਹਿੱਸਾ ਲਿਆ | ਸੀ. ਐੱਮ. ਸੀ. ਲੋਪੋਕੇ ਦੇ ਡਾ. ਪਰਮਿੰਦਰ ਸਿੰਘ ਦੁਆਰਾ ਦੰਦਾਂ ਦੀ ਸਫਾਈ ਬਾਰੇ ਭਾਸ਼ਣ ਵੀ ਦਿੱਤਾ ਗਿਆ, ਜਿਸ ਤੋਂ ਬਾਅਦ ਦੰਦਾਂ ਦੀ ਜਾਂਚ ਕੀਤੀ ਗਈ | ਕੈਂਪ ਦਾ ਅੰਤ ਸੱਭਿਆਚਾਰਕ ਮੁਕਾਬਲੇ ਦੇ ਆਯੋਜਨ ਨਾਲ ਹੋਇਆ, ਜਿਸ ਵਿਚ ਕੈਡਿਟਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ |