ਤਰਨ ਤਾਰਨ, 11 ਮਈ (ਇਕਬਾਲ ਸਿੰਘ ਸੋਢੀ)-ਤਰਨ ਤਾਰਨ ਵਿਖੇ ਭਾਰਤੀ ਜਨਤਾ ਪਾਰਟੀ ਦੇ ਮੁੱਖ ਦਫ਼ਤਰ ਉੱਪਰ ਕੁਝ ਹਮਲਾਵਰਾਂ ਵਲੋਂ ਭੰਨਤੋੜ ਕਰਨ ਤੋਂ ਇਲਾਵਾ ਵਰਕਰਾਂ ਨਾਲ ਧੱਕਾਮੁੱਕੀ ਕਰਨਾ ਬਹੁਤ ਹੀ ਮੰਦਭਾਗਾ ਅਤੇ ਨਿੰਦਾਯੋਗ ਕਾਰਵਾਈ ਹੈ, ਜਿਸ ਨੂੰ ਭਾਜਪਾ ਕਦੇ ਬਰਦਾਸ਼ਿਤ ਨਹੀਂ ਕਰੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਭਾਜਪਾ ਦੇ ਯੁਵਾ ਵਿੰਗ ਦੇ ਸਕੱਤਰ ਤਰੁਣ ਜੋਸ਼ੀ ਨੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਭਾਜਪਾ ਦਾ ਦਿਨੋਂ ਦਿਨ ਗ੍ਰਾਫ਼ ਵੱਧ ਰਿਹਾ ਹੈ, ਪਰ ਕੁਝ ਲੋਕਾਂ ਨੂੰ ਇਹ ਹਜ਼ਮ ਨਹੀਂ ਹੋ ਰਿਹਾ ਅਤੇ ਉਹ ਆਪਣੀਆਂ ਕੋਝੀਆਂ ਹਰਕਤਾਂ 'ਤੇ ਉਤਰ ਆਏ ਹਨ ਅਤੇ ਭਾਜਪਾ ਦਫਤਰਾਂ ਤੇ ਵਰਕਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ | ਉਨ੍ਹਾਂ ਡੀ. ਜੀ. ਪੀ. ਗੌਰਵ ਯਾਦਵ ਪਾਸੋਂ ਮੰਗ ਕੀਤੀ ਕਿ ਭਾਜਪਾ ਦਫਤਰ ਵਿਚ ਭੰਨਤੋੜ ਕਰਨ ਅਤੇ ਵਰਕਰਾਂ ਨਾਲ ਹੱਥੋਪਾਈ ਕਰਨ ਵਾਲੇ ਹਮਲਾਵਰਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਭਾਜਪਾ ਆਗੂਆਂ ਅਤੇ ਵਰਕਰਾਂ ਦੀ ਸੁਰੱਖਿਆ ਵਧਾਈ ਜਾਵੇ |