ਤਰਨ ਤਾਰਨ, 17 ਮਈ (ਹਰਿੰਦਰ ਸਿੰਘ)-ਚੋਰਾਂ ਵਲੋਂ ਰਾਤ ਸਮੇਂ ਇਕ ਘਰ ਵਿਚ ਸੰਨ੍ਹ ਲਗਾ ਕੇ ਭਾਰੀ ਮਾਤਰਾ ਵਿਚ ਸੋਨਾ ਚੋਰੀ ਕਰ ਲਿਆ ਗਿਆ | ਇਸ ਸੰਬੰਧੀ ਥਾਣਾ ਸਰਹਾਲੀ ਵਿਖੇ ਤਿੰਨ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ | ਇਹ ਮਾਮਲਾ 21 ਨਵੰਬਰ 2025 ਦਾ ਹੈ | ਪੁਲਿਸ ਨੇ 6 ਮਹੀਨਿਆਂ ਬਾਅਦ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਮਨਪ੍ਰੀਤ ਕੌਰ ਪਤਨੀ ਨਿਸ਼ਾਨ ਸਿੰਘ ਵਾਸੀ ਪਿੰਡ ਸੁਹਾਵਾ ਨੇ ਦੱਸਿਆ ਕਿ ਮਿਤੀ 21 ਨਵੰਬਰ 2025 ਨੂੰ ਵਕਤ ਕਰੀਬ 1 ਵਜੇ ਰਾਤ ਦਾ ਹੋਵੇਗਾ ਕਿ ਉਨ੍ਹਾਂ ਦੇ ਘਰ ਦੇ ਬਣੇ ਕਮਰੇ ਵਿਚ ਖੜਾਕ ਹੋਣ ਕਰਕੇ ਉਸ ਨੇ ਉਠ ਕੇ ਬਾਹਰ ਵੇਖਿਆ ਤਾਂ ਕੱਝ ਵਿਅਕਤੀ, ਜਿਨਾਂ ਵਿਚ ਗਗਨ ਉਰਫ ਗੱਗੂ ਪੁੱਤਰ ਕਾਲਾ ਵਾਸੀ ਮਰਗਿੰਦਪੁਰਾ ਨਾਲ ਹਮ ਸਲਾਹ ਹੋ ਕੇ ਹੈਪੀ ਸ਼ਰਮਾ ਅਤੇ ਮੌਂਟੀ ਸ਼ਰਮਾ ਪੁੱਤਰਾਨ ਰਾਜ ਸ਼ਰਮਾ ਵਾਸੀਆਨ ਸੁਹਾਵਾ ਉਨ੍ਹਾਂ ਦੇ ਘਰ ਤੋਂ ਬਾਹਰ ਨੂੰ ਜਾ ਰਹੇ ਸੀ | ਉਸ ਤੋਂ ਪਹਿਲਾਂ ਗਗਨ ਉਰਫ ਗੱਗੂ ਉਨ੍ਹਾਂ ਨਾਲ ਸੀਰੀ ਰਿਹਾ ਸੀ | ਇਸ ਕਰਕੇ ਇਸ ਦੇ ਨਾਲ ਹੈਪੀ ਸ਼ਰਮਾ ਅਤੇ ਮੌਟੀ ਸ਼ਰਮਾ ਵੀ ਉਨ੍ਹਾਂ ਦੇ ਘਰ ਆਉਂਦੇ-ਜਾਂਦੇ ਰਹਿੰਦੇ ਹਨ, ਜੋ ਉਨ੍ਹਾਂ ਦੇ ਬਾਹਰਲੇ ਦਰਵਾਜੇ ਦਾ ਕੁੰਡਾ ਖੋਲ੍ਹ ਕੇ ਦਰਵਾਜੇ ਰਾਹੀਂ ਉਨ੍ਹਾਂ ਦਾ ਮੋਟਰ ਸਾਈਕਲ ਮਾਡਲ 2024 ਵੀ ਚੋਰੀ ਕਰਕੇ ਲੈ ਗਏ | ਜਦੋਂ ਉਨ੍ਹਾਂ ਘਰ ਵਿਚ ਪਏ ਸਮਾਨ ਦੀ ਪੜਤਾਲ ਕੀਤੀ ਤਾਂ ਕਮਰੇ ਵਿਚ ਪਈ ਅਲਮਾਰੀ ਦਾ ਲੌਕ ਟੁੱਟਾ ਹੋ ਇਆ ਸੀ | ਅਲਮਾਰੀ ਵਿਚ ਪਏ ਕੱਪੜੇ ਖਿਲਰੇ ਹੋਏ ਸਨ, ਜਿੰਨਾ ਨੂੰ ਚੈਕ ਕਰਨ 'ਤੇ ਪਤਾ ਲੱਗਾ ਕਿ ਉਨ੍ਹਾਂ ਦੇ ਘਰ ਵਿਚੋਂ 4 ਤੋਲਿਆਂ ਦੀ ਇਕ ਚੈਨ, 1-1 ਤੋਲੇ ਦੀਆਂ 2 ਚੈਨੀਆਂ 1-1 ਤੋਲੇ ਦੇ 3 ਕੜੇ, 2 ਤੋਲਿਆਂ ਦਾ ਕਿੱਟੀ ਸੈਟ, 2 ਤੋਲਿਆਂ ਦੀਆਂ 9 ਛਾਪਾਂ ਕੁੱਲ 13 ਤੋਲੇ ਸੋਨਾ ਚੋਰੀ ਕਰ ਲਿਆ | ਉਕਤ ਵਿਅਕਤੀ ਘਰ ਵਿਚ ਦਾਖਲ ਹੋ ਕੇ ਅਲਮਾਰੀ ਭੰਨ ਕੇ ਉਸ ਵਿਚੋਂ ਗਹਿਣੇ ਚੋਰੀ ਕਰਕੇ ਲੈ ਗਏ ਸਨ | ਹੁਣ ਤੱਕ ਪਿੰਡ ਦੇ ਮੁਹਤਬਾਰ ਸਾਡਾ ਫ਼ੈਸਲਾ ਕਰਵਾਉਂਦੇ ਰਹੇ, ਜੋ ਸਿਰੇ ਨਹੀ ਚੜ ਸਕਿਆ | ਇਸ ਸੰਬੰਧੀ ਸਬ ਇੰਸਪੈਕਟਰ ਰੋਹਾਨ ਸਿੰਘ ਸੋਢੀ ਨੇ ਗਗਨ ਉਰਫ ਗੁੱਗੂ, ਹੈਪੀ ਸ਼ਰਮਾ ਅਤੇ ਮੌਂਟੀ ਸ਼ਰਮਾ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗਿ੍ਫ਼ਤਾਰੀ ਲਈ ਛਾਪਾਮਾਰੀ ਸ਼ੁਰੂ ਕਰ ਦਿੱਤੀ ਹੈ |