ਨਵਾਂ ਪਿੰਡ, 17 ਮਈ (ਜਸਪਾਲ ਸਿੰਘ )-ਅੰਮਿ੍ਤਸਰ-ਮਹਿਤਾ ਮੁੱਖ ਮਾਰਗ 'ਤੇ ਪਿੰਡ ਫ਼ਤਹਿਪੁਰ ਰਾਜਪੂਤਾਂ ਤੋਂ ਨਿਜ਼ਾਮਪੁਰ -ਫ਼ਤਹਿਗੜ੍ਹ ਸ਼ੁੱਕਰ ਚੱਕ 'ਪ੍ਰਧਾਨ ਮੰਤਰੀ ਸੜਕ ਯੋਜਨਾ' ਸੜਕ 'ਚ 50 ਮੀਟਰ ਦੇ ਕਰੀਬ ਕੱਚੇ ਰਸਤੇ ਕਾਰਨ ਲੋਕਾਂ ਨੂੰ ਆਉਂਦੀਆਂ ਮੁਸ਼ਕਲਾਂ ਨੂੰ ਲੈ ਕੇ ਸਾਂਝਾ ਐਕਸ਼ਨ ਫਰੰਟ ਪੰਜਾਬ ਤੇ ਗੁਰੂ ਰਾਮਦਾਸ ਆਟੋ ਯੂਨੀਅਨ ਵਲੋਂ ਸਥਾਨਕ ਲੋਕਾਂ ਤੇ ਰਾਹਗੀਰਾਂ ਦੇ ਨਾਲ ਸਰਕਾਰ ਤੇ ਸੰਬੰਧਿਤ ਵਿਭਾਗ ਦਾ ਭਾਰੀ ਪਿੱਟ ਸਿਆਪਾ ਤੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਫਰੰਟ ਦੇ ਸੂਬਾ ਪ੍ਰਧਾਨ ਬਾਬਾ ਜੋਗਾ ਸਿੰਘ ਵਡਾਲਾ ਤੇ ਗਿਆਨੀ ਸਰਦੂਲ ਸਿੰਘ ਹਲਵਾਈ ਆਗੂ ਆਟੋ ਯੂਨੀਅਨ ਨੇ 'ਅਜੀਤ' ਵਿਸ਼ੇਸ਼ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਸੜਕ ਜੋ ਕਿ ਵਾਇਆ ਨਿਜ਼ਾਮਪੁਰ-ਫ਼ਤਹਿਗੜ੍ਹ ਅੰਮਿ੍ਤਸਰ ਨੂੰ ਪਠਾਨਕੋਟ ਨਾਲ ਜੋੜਦੀ ਹੈ | ਅੰਮਿ੍ਤਸਰ-ਮਹਿਤਾ ਬਾਈਪਾਸ ਜੋ ਕਿ ਇਸ ਸੜਕ ਦੇ ਉਪਰੋਂ ਦੀ ਲੰਘਣਾ ਹੈ, ਦਾ ਕੰਮ ਕਾਫੀ ਸਮੇਂ ਤੋਂ ਰੁਕਿਆ ਪਿਆ ਹੈ ਤੇ ਇਸ ਦੇ ਹੇਠਾਂ ਇਥੋਂ ਲੰਘਣ ਵਾਲੀ ਉਪਰੋਕਤ ਸੜਕ ਦਾ 50 ਮੀਟਰ ਦੇ ਕਰੀਬ ਰਸਤਾ ਕੱਚਾ ਛੱਡਿਆ ਗਿਆ | ਇਸ ਨਾਲ ਹਨ੍ਹੇਰੇ-ਸਵੇਰੇ ਲੰਘਣ ਵਾਲੇ ਰਾਹਗੀਰਾਂ ਜਿਸ 'ਚ ਦੋ ਪਹੀਆ ਜਿਨ੍ਹਾਂ 'ਚ ਵਿਸ਼ੇਸ਼ ਕਰ ਮਹਿਲਾਵਾਂ ਤੇ ਸਕੂਲੀ ਵਾਹਨਾਂ 3 ਪਹੀਆ ਵਾਲਿਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਜੇ ਇਸ ਨੂੰ ਜਲਦ ਨਾ ਬਣਾਇਆ ਗਿਆ ਤਾਂ ਬਰਸਾਤਾਂ ਦੇ ਦਿਨਾਂ 'ਚ ਹੋਰ ਵੀ ਮੁਸ਼ਕਲ ਹੋ ਜਾਵੇਗਾ | ਇਸ ਨਾਲ ਹੋਣ ਵਾਲੇ ਕਿਸੇ ਜਾਨੀ, ਮਾਲੀ ਨੁਕਸਾਨ ਦੇ ਲਈ ਸਰਕਾਰ ਤੇ ਸੰਬੰਧਿਤ ਵਿਭਾਗ ਜ਼ਿੰਮੇਵਾਰ ਹੋਵੇਗਾ, ਜਿਸਦੇ ਲਈ ਉਨ੍ਹਾਂ ਤੇ ਰਾਹਗੀਰਾਂ ਨੇ ਇਸ ਕੱਚੇ ਰਸਤੇ ਨੂੰ ਜਲਦ ਬਣਾਉਣ ਦੇ ਲਈ ਕਿਹਾ | ਇਸ ਮੌਕੇ ਸਥਾਨਕ ਲੋਕ ਤੇ ਰਾਹਗੀਰ ਹਾਜ਼ਰ ਸਨ |