ਬ੍ਰਹਮ ਗਿਆਨੀ ਬਾਬਾ ਕਰਤਾਰ ਸਿੰਘ ਜੀ ਈਸਾਪੁਰ ਵਾਲਿਆਂ ਦੀ ਬਰਸੀ 23 ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਨਾਲ ਆਰੰਭ
ਅਜੀਤ ਡੈਸਕ
18-05-2026
ਓਠੀਆਂ, 17 ਮਈ (ਗੁਰਵਿੰਦਰ ਸਿੰਘ ਛੀਨਾ)-ਨਜ਼ਦੀਕੀ ਪੈਂਦੇ ਪਿੰਡ ਈਸਾਪੁਰ ਦੇ ਇਤਿਹਾਸਕ ਗੁਰਦੁਆਰਾ ਬਾਬਾ ਵਧਾਵਾ ਸਿੰਘ ਅਤੇ ਬਾਬਾ ਕਰਤਾਰ ਸਿੰਘ ਜੀ ਵਿਖੇ ਬ੍ਰਹਮ ਗਿਆਨੀ ਬਾਬਾ ਕਰਤਾਰ ਸਿੰਘ ਜੀ ਈਸਾਪੁਰ ਵਾਲਿਆਂ ਦੀ ਸਲਾਨਾ ਬਰਸੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ ਹੈ | ਸੰਗਤਾਂ ਵਲੋਂ ਆਪਣੀਆਂ ਮੰਨਤਾਂ ਪੂਰੀਆਂ ਹੋਣ ਤੇ ਗੁਰਦੁਆਰਾ ਸਾਹਿਬ ਵਿਖੇ ਰਖਵਾਏ ਗਏ ਸ੍ਰੀ 23 ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠਾਂ ਦੀ ਲੜੀ ਨਾਲ ਬਾਬਾ ਕਰਤਾਰ ਸਿੰਘ ਜੀ ਦੀ ਬਰਸੀ ਦੀ ਆਰੰਭਤਾ ਕੀਤੀ ਗਈ | ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਗਤਾਂ ਵਲੋਂ ਗੁਰਦੁਆਰਾ ਸਾਹਿਬ ਵਿਖੇ ਰਖਵਾਏ 23 ਸ੍ਰੀ ਅਖੰਡ ਪਾਠ ਜੀ ਦੇ ਭੋਗ 19 ਮਈ ਦਿਨ ਮੰਗਲਵਾਰ ਪਾਉਣ ਉਪਰੰਤ ਦੀਵਾਨ ਹਾਲ ਵਿਚ ਪੰਥ ਦੇ ਮਹਾਨ ਰਾਗੀ ਢਾਡੀ ਕਵੀਸ਼ਰ ਅਤੇ ਕਥਾ-ਵਾਚਕ ਭਾਈ ਮਨਦੀਪ ਸਿੰਘ ਸੰਗਰੂਰ ਵਾਲੇ, ਗਿਆਨੀ ਸਤਨਾਮ ਸਿੰਘ ਲਾਲੂ ਘੁੰਮਣ, ਸਨਦੀਪ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਈਸਾਪੁਰ ਸਾਹਿਬ ਵਾਲੇ, ਭਾਈ ਜਸਬੀਰ ਸਿੰਘ, ਹਰਭਜਨ ਸਿੰਘ ਕੁੱਲੀ ਵਾਲੇ ਅਤੇ ਹੋਰ ਸੰਤ ਮਹਾਂਪੁਰਸ਼ ਸੰਗਤਾਂ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਗੁਰਬਾਣੀ ਦੇ ਰਸਭਿੰਨਾ ਕੀਰਤਨ ਰਾਹੀਂ ਨਿਹਾਲ ਕਰਨਗੇ | ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਨੂੰ ਹੁੰਮ-ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ | ਸੰਗਤਾਂ ਲਈ ਤਰ੍ਹਾਂ ਤਰ੍ਹਾਂ ਦੇ ਪਕਵਾਨਾਂ ਦੇ ਅਟੁੱਟ ਲੰਗਰ ਲਗਾਏ ਜਾਣਗੇ |