ਨਵਾਂ ਪਿੰਡ, 17 ਮਈ (ਜਸਪਾਲ ਸਿੰਘ)-ਕੱਲ ਕਿਸਾਨਾਂ ਵਲੋਂ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਰਾਜਪਾਲ ਹਾਊਸ, ਪੰਜਾਬ ਵੱਲ ਕੀਤੇ ਗਏ ਮਾਰਚ ਉੱਪਰ ਮੌਕੇ ਚੰਡੀਗੜ੍ਹ ਪੁਲਿਸ ਵਲੋਂ ਕਿਸਾਨਾਂ 'ਤੇ ਕੀਤੇ ਗਏ ਤਸੱਦਦ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਕੁੱਲ ਹਿੰਦ ਕਿਸਾਨ ਸਭਾ ਤੇ ਸਬਜ਼ੀ ਉੱਤਪਾਦਕ ਕਿਸਾਨ ਜਥੇਬੰਦੀ ਵਲੋਂ ਸਥਾਨਕ ਕਸਬਾ ਵਿਖੇ ਭਾਜਪਾ ਆਗੂਆਂ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਉਨ੍ਹਾਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਜਪਾਲ ਪੰਜਾਬ, ਗੁਲਾਬ ਚੰਦ ਕਟਾਰੀਆ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਸੂਬਾ ਕਿਸਾਨ ਆਗੂ ਲੱਖਬੀਰ ਸਿੰਘ ਨਿਜ਼ਾਮਪੁਰ ਵਲੋਂ ਕਿਸਾਨਾਂ, ਮਜਦੂਰਾਂ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਦੀ ਸ਼ਹਿ 'ਤੇ ਚੰਡੀਗੜ੍ਹ ਪੁਲਿਸ ਨੇ ਕਿਸਾਨਾਂ ਉੱਪਰ ਪਾਣੀ ਦੀਆਂ ਬੁਛਾੜਾਂ ਤੇ ਅੱਥਰੂ ਗੈਸ ਦੀ ਵਰਤੋਂ ਕਰਕੇ ਸੰਘਰਸ਼ ਨੂੰ ਦਬਾਉਣ ਦੀ ਕੋਸਿਸ਼ ਕੀਤੀ | ਉਨ੍ਹਾਂ ਇਸਦੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀਆਂ ਹੱਕੀ ਤੇ ਜਾਇਜ਼ ਮੰਗਾਂ ਜਿਸ 'ਚ ਦਰਿਆਈ ਪਾਣੀਆਂ ਦੀ ਰਿਪੇਰੀਆਨ ਸਿਧਾਂਤ ਅਨੁਸਾਰ ਵੰਡ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਪ੍ਰਬੰਧਕੀ ਕਮੇਟੀ 'ਚ ਪੰਜਾਬ ਦੇ ਮੈਂਬਰ ਦੀ ਬਹਾਲੀ, ਚੰਡੀਗੜ੍ਹ ਪੰਜਾਬ ਨੂੰ ਦੇਣ ਅਤੇ ਪੰਜਾਬ ਪੁਨਰਗਠਨ ਐਕਟ ਦੀ ਧਾਰਾ 78, 79, 80 ਨੂੰ ਰੱਦ ਕਰਨ ਸਮੇਤ ਡੀਜਲ ਪੈਟਰੋਲ ਅਤੇ ਗੈਸ ਦੀਆਂ ਕੀਮਤਾਂ 'ਚ ਕੀਤੇ ਗਏ ਵਾਧੇ ਨੂੰ ਵਾਪਸ ਕਰਵਾਉਣ ਦੀ ਮੰਗ ਨੂੰ ਲੈ ਕੇ ਕਿਸਾਨ ਰਾਜਪਾਲ ਪੰਜਾਬ ਨੂੰ ਮੰਗ ਪੱਤਰ ਦੇਣ ਜਾ ਰਹੇ ਸਨ | ਜਿਨ੍ਹਾਂ 'ਤੇ ਜ਼ਬਰ ਢਹਾ ਕੇ ਕੇਂਦਰ ਸਰਕਾਰ ਨੇ ਰਾਜਪਾਲ ਪੰਜਾਬ ਰਾਹੀਂ ਚੰਡੀਗੜ੍ਹ 'ਚ ਦਾਖਲ ਹੋਣ ਤੋਂ ਰੋਕਿਆ ਗਿਆ ਹੈ | ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੰਜਾਬ ਦਾ ਹੈ | ਇਥੇ ਪ੍ਰਦਰਸ਼ਨ ਕਰਨਾ ਉਨ੍ਹਾਂ ਦਾ ਜਮਹੂਰੀ ਹੱਕ ਹੈ | ਇਸ ਮੌਕੇ ਭੁਪਿੰਦਰ ਸਿੰਘ ਤੀਰਥਪੁਰ ਪ੍ਰਧਾਨ ਸਬਜ਼ੀ ਉੱਤਪਾਦਕ ਕਿਸਾਨ ਜਥੇਬੰਦੀ, ਬਲਵੰਤ ਸਿੰਘ ਤੀਰਥਪੁਰਾ, ਕਰਨੈਲ ਸਿੰਘ, ਜਰਨੈਲ ਸਿੰਘ ਨਵਾਂ ਪਿੰਡ, ਤਰਸੇਮ ਸਿੰਘ ਨੰਗਲ, ਜੱਸਵਿੰਦਰ ਸਿੰਘ, ਜਸਪਾਲ ਸਿੰਘ ਨਬੀਪੁਰ, ਮਹਿਲ ਸਿੰਘ ਤੇ ਪ੍ਰਤਾਪ ਸਿੰਘ ਛਾਪਾ, ਗੁਰਮੇਜ ਸਿੰਘ ਮੱਖਣ ਵਿੰਡੀ ਆਦਿ ਹਾਜਰ ਸਨ |