14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

'ਆਪ' ਦੇ ਬਲਾਕ ਪ੍ਰਧਾਨ ਰਮਾ ਰਾਣੀ ਤੇ ਸੰਜੀਵ ਕੁਮਾਰ ਸੋਨੂੰ ਭਾਜਪਾ 'ਚ ਸ਼ਾਮਿਲ <br/>

ਅਜੀਤ ਡੈਸਕ 19-05-2026
ਪੱਟੀ, 18 ਮਈ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਨਗਰ ਕੌਂਸਲ ਚੋਣਾਂ ਦੇ ਮਾਹੌਲ ਵਿਚ ਪੱਟੀ ਦੀ ਸਿਆਸਤ 'ਚ ਉਸ ਵੇਲੇ ਨਵਾਂ ਮੋੜ ਆ ਗਿਆ ਜਦ ਆਮ ਆਦਮੀ ਪਾਰਟੀ ਦੀ ਬਲਾਕ ਪ੍ਰਧਾਨ ਰਮਾ ਰਾਣੀ ਅਤੇ ਸਮਾਜ ਸੇਵੀ ਸੰਜੀਵ ਕੁਮਾਰ ਸੋਨੂੰ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ 'ਚ ਸ਼ਾਮਿਲ ਹੋ ਗਏ | ਦੋਵਾਂ ਆਗੂਆਂ ਦੇ ਭਾਜਪਾ ਵਿਚ ਸ਼ਾਮਿਲ ਹੋਣ ਨਾਲ ਸਥਾਨਕ ਰਾਜਨੀਤਿਕ ਹਲਕਿਆਂ ਵਿਚ ਚਰਚਾਵਾਂ ਤੇਜ਼ ਹੋ ਗਈਆਂ ਹਨ | ਇਸ ਮੌਕੇ ਭਾਜਪਾ ਦੇ ਜਨਰਲ ਸਕੱਤਰ ਸ਼ਿਵ ਕੁਮਾਰ ਸੋਨੀ ਤੇ ਸਰਕਲ ਪੱਟੀ ਦੇ ਪ੍ਰਧਾਨ ਵਿਜੇ ਵਿਨਾਇਕ ਵਲੋਂ ਦੋਵਾਂ ਨੂੰ ਸਿਰੋਪਾਓ ਦੇ ਕੇ ਭਰਵਾਂ ਸਵਾਗਤ ਕੀਤਾ ਗਿਆ | ਪਾਰਟੀ ਆਗੂਆਂ ਨੇ ਕਿਹਾ ਕਿ ਰਮਾ ਰਾਣੀ ਅਤੇ ਸੰਜੀਵ ਕੁਮਾਰ ਸੋਨੂੰ ਦੇ ਪਾਰਟੀ 'ਚ ਆਉਣ ਨਾਲ ਭਾਜਪਾ ਨੂੰ ਹੋਰ ਮਜ਼ਬੂਤੀ ਮਿਲੇਗੀ ਤੇ ਨਗਰ ਕੋਂਸਲ ਚੋਣਾਂ ਵਿਚ ਪਾਰਟੀ ਨੂੰ ਫ਼ਾਇਦਾ ਹੋਵੇਗਾ | ਪ੍ਰਧਾਨ ਵਿਜੈ ਵਿਨਾਇਕ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਹਮੇਸ਼ਾਂ ਆਪਣੇ ਵਰਕਰਾਂ ਅਤੇ ਆਗੂਆਂ ਨੂੰ ਮਾਣ ਸਨਮਾਨ ਦਿੰਦੀ ਆ ਰਹੀ ਹੈ | ਉਨ੍ਹਾਂ ਕਿਹਾ ਕਿ ਜੋ ਵੀ ਆਗੂ ਲੋਕ ਭਲਾਈ ਅਤੇ ਵਿਕਾਸ ਦੀ ਸੋਚ ਨਾਲ ਪਾਰਟੀ ਵਿਚ ਸ਼ਾਮਿਲ ਹੁੰਦੇ ਹਨ, ਉਨ੍ਹਾਂ ਨੂੰ ਪਾਰਟੀ ਵਿਚ ਪੂਰਾ ਆਦਰ ਤੇ ਜਿੰਮੇਵਾਰੀ ਦਿੱਤੀ ਜਾਂਦੀ ਹੈ | ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਨਵੇਂ ਸ਼ਾਮਲ ਹੋਏ ਆਗੂ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤਕ ਪਹੁੰਚਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ | ਇਸ ਦੌਰਾਨ ਸ਼ਿਵ ਕੁਮਾਰ ਸੋਨੀ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੀਆਂ ਲੋਕ ਭਲਾਈ ਨੀਤੀਆਂ ਅਤੇ ਭਾਜਪਾ ਦੀਆਂ ਵਿਕਾਸ ਪੱਖੀ ਯੋਜਨਾਵਾਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿਚ ਲੋਕ ਪਾਰਟੀ ਨਾਲ ਜੁੜ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਪੱਟੀ ਵਿਚ ਵੀ ਭਾਜਪਾ ਨੂੰ ਲਗਾਤਾਰ ਸਮਰਥਨ ਮਿਲ ਰਿਹਾ ਹੈ ਅਤੇ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਵਿਚ ਪਾਰਟੀ ਮਜ਼ਬੂਤ ਦਾਅਵੇਦਾਰ ਵਜੋਂ ਉਭਰੇਗੀ | ਰਮਾ ਰਾਣੀ ਨੇ ਪਿਛਲੀ ਨਗਰ ਕੌਂਸਲ ਚੋਣ ਦੌਰਾਨ ਵਾਰਡ ਨੰਬਰ 9 ਤੋਂ ਚੋਣ ਲੜੀ ਸੀ ਅਤੇ ਇਲਾਕੇ ਵਿਚ ਸਰਗਰਮ ਸਿਆਸੀ ਚਿਹਰਾ ਮੰਨੀ ਜਾਂਦੀ ਹੈ | ਉਨ੍ਹਾਂ ਦੇ ਭਾਜਪਾ ਵਿਚ ਸ਼ਾਮਿਲ ਹੋਣ ਨੂੰ ਚੋਣਾਂ ਤੋਂ ਠੀਕ ਪਹਿਲਾਂ ਇਕ ਮਹੱਤਵਪੂਰਨ ਸਿਆਸੀ ਘਟਨਾ ਵਜੋਂ ਵੇਖਿਆ ਜਾ ਰਿਹਾ ਹੈ | ਇਸ ਮੌਕੇ ਜੋਧਬੀਰ ਸ਼ਰਮਾ ਜਨਰਲ ਸਕੱਤਰ, ਜੰਗਾ ਸਿੰਘ ਐੱਸ.ਸੀ. ਵਿੰਗ ਦੇ ਪ੍ਰਧਾਨ, ਲਲਿਤ ਕੁਮਾਰ ਸ਼ਰਮਾ, ਸੁਰਿੰਦਰ ਸਿੰਘ, ਰਕੇਸ਼ ਕੁਮਾਰ ਸ਼ਰਮਾ, ਪਰਮਜੀਤ ਸਿੰਘ ਟੀਟੂ, ਨਰਿੰਦਰ ਸਿੰਘ ਤੇ ਸੁਰਿੰਦਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਵਲੋਂ ਪਿੰਡ–ਪਿੰਡ ਮੀਟਿੰਗਾਂ <br/> ਅਗਲੀ ਖ਼ਬਰ ਵਾਰਡ ਨੰਬਰ-13 ਤੋਂ ਬਲਰਾਜ ਸਿੰਘ ਦੁਬਲੀ ਨੇ ਪਤਨੀ ਨਿਰਮਲ ਕੌਰ ਲਈ ਚੋਣ ਪ੍ਰਚਾਰ ਕੀਤਾ ਤੇਜ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।