ਪੱਟੀ, 19 ਮਈ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਸਾਬਕਾ ਕੈਬਨਿਟ ਮੰਤਰੀ ਪੰਜਾਬ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵਲੋਂ ਪੱਟੀ ਸ਼ਹਿਰ ਅਤੇ ਹਲਕੇ ਦੇ ਕਰਵਾਏ ਸਰਬਪੱਖੀ ਵਿਕਾਸ ਨੂੰ ਮੁੱਖ ਰੱਖਦਿਆਂ ਹੀ ਨਗਰ ਕੌਂਸਲ ਪੱਟੀ ਦੀ ਚੋਣ ਲੜੀ ਜਾ ਰਹੀ ਹੈ | ਪੱਟੀ ਸ਼ਹਿਰ ਵਾਸੀ ਜੋ ਬਦਲਾਅ ਦੇ ਭੁਲੇਖੇ ਵਿਚ ਧੋਖਾ ਖਾ ਚੁੱਕੇ ਹਨ, ਹੁਣ ਦੁਬਾਰਾ ਉਹ ਗਲਤੀ ਨਹੀਂ ਦੁਹਰਾਉਣਗੇ ਅਤੇ ਨਗਰ ਕੌਂਸਲ ਪੱਟੀ ਦੀਆਂ ਚੋਣਾਂ ਵਿਚ ਕੈਰੋਂ ਧੜੇ ਨਾਲ ਸੰਬੰਧਿਤ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ | ਇਹ ਸ਼ਬਦ ਬੀਬਾ ਪ੍ਰਨੀਤ ਕੌਰ ਕੈਰੋਂ ਪਤਨੀ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਪੱਟੀ ਸ਼ਹਿਰ ਵਿਚ ਨਗਰ ਕੌਂਸਲ ਦੀਆਂ ਚੋਣਾਂ ਦੇ ਸੰਬੰਧ ਵਿਚ ਲੋਕਾਂ ਵਿਚ ਵਿਚਰਦਿਆਂ ਹੋਇਆਂ ਕਹੇ | ਇਸ ਮੌਕੇ ਉਨ੍ਹਾਂ ਪੱਟੀ ਸ਼ਹਿਰ ਵਾਸੀਆਂ ਨਾਲ ਘਰ-ਘਰ ਜਾ ਕੇ ਮੁਲਾਕਾਤ ਕੀਤੀ ਅਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਰੋਂ ਧੜੇ ਨਾਲ ਸੰਬੰਧਿਤ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਟਰੈਕਟਰ ਅਲਾਟ ਕੀਤਾ ਗਿਆ ਹੈ | ਜਦਕਿ ਉਨ੍ਹਾਂ ਦੇ ਚਾਰ ਉਮੀਦਵਾਰਾਂ ਦੇ ਨਾਮਜਦਗੀ ਪੱਤਰ ਰੱਦ ਕਰ ਦਿੱਤੇ ਗਏ ਹਨ, ਜੋ ਸ਼ਰੇਆਮ ਸਰਕਾਰ ਵਲੋਂ ਧੱਕਾ ਕੀਤਾ ਗਿਆ ਹੈ | ਇਸ ਮੌਕੇ ਬੀਬਾ ਪਰਨੀਤ ਕੌਰ ਕੈਰੋਂ ਨੇ ਕਿਹਾ ਕਿ ਕੈਰੋਂ ਪਰਿਵਾਰ ਹਮੇਸ਼ਾਂ ਹੀ ਪੱਟੀ ਹਲਕੇ ਦੇ ਸਰਬਪੱਖੀ ਵਿਕਾਸ ਦਾ ਹਾਮੀ ਰਿਹਾ ਹੈ ਅਤੇ ਜੋ ਵੀ ਕੰਮ ਪੱਟੀ ਸ਼ਹਿਰ ਦੇ ਹੋਣ ਵਾਲੇ ਹਨ ਉਹ 2027 ਵਿਚ ਮੁਕੰਮਲ ਕਰਵਾਏ ਜਾਣਗੇ | ਇਸ ਮੌਕੇ ਉਨ੍ਹਾਂ ਨਾਲ ਦਿਲਸ਼ੇਰ ਪ੍ਰਤਾਪ ਸਿੰਘ ਕੈਰੋਂ, ਕੁਲਵੰਤ ਸਿੰਘ ਕਲਸੀ ਤੇ ਹੋਰ ਆਗੂ ਹਾਜ਼ਰ ਸਨ |