21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਨਗਰ ਕੌਂਸਲ ਪੱਟੀ 'ਚ 59.96 ਫ਼ੀਸਦੀ ਅਤੇ ਨਗਰ ਪੰਚਾਇਤ ਭਿੱਖੀਵਿੰਡ ਵਿਚ 64.56 ਫ਼ੀਸਦੀ ਹੋਇਆ ਮਤਦਾਨ

ਅਜੀਤ ਡੈਸਕ 27-05-2026
ਤਰਨ ਤਾਰਨ/ਪੱਟੀ, 26 ਮਈ (ਹਰਿੰਦਰ ਸਿੰਘ, ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ, ਬਲਵਿੰਦਰ ਸਿੰਘ, ਸੰਜੀਵ ਕੁੰਦਰਾ)-ਨਗਰ ਕੌਂਸਲ ਪੱਟੀ ਦੀਆਂ ਹੋਈਆਂ ਚੋਣਾਂ ਦੌਰਾਨ ਸ਼ਹਿਰ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਰਿਹਾ | ਕਾਂਗਰਸ, ਆਮ ਆਦਮੀ ਪਾਰਟੀ, ਕੈਰੋਂ ਪਰਿਵਾਰ, ਭਾਜਪਾ ਤੇ ਆਜ਼ਾਦ ਉਮੀਦਵਾਰਾਂ ਸਮੇਤ ਕੁੱਲ 74 ਉਮੀਦਵਾਰ ਚੋਣ ਮੈਦਾਨ ਵਿਚ ਆਪਣੀ ਕਿਸਮਤ ਅਜ਼ਮਾਅ ਰਹੇ ਸਨ | ਸ਼ਹਿਰ ਦੀਆਂ 19 ਵਾਰਡਾਂ ਵਿਚ ਬਣੇ 38 ਪੋਲਿੰਗ ਬੂਥਾਂ 'ਤੇ ਸਵੇਰ ਤੋਂ ਹੀ ਵੋਟਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ, ਹਾਲਾਂਕਿ ਦੁਪਹਿਰ ਚੜ੍ਹਦੇ ਇਹ ਰਫ਼ਤਾਰ ਮੱਠੀ ਪੈਣੀ ਸ਼ੁਰੂ ਹੋ ਗਈ | ਚੋਣ ਪ੍ਰਕਿਰਿਆ ਲਈ ਕੁੱਲ 29682 ਵੋਟਰ ਦਰਜ ਸਨ, ਜਿਨ੍ਹਾਂ ਵਿਚੋਂ 17797 ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ | ਇਸ ਤਰ੍ਹਾਂ ਕੁੱਲ 59.96 ਫੀਸਦੀ ਵੋਟਿੰਗ ਦਰਜ ਕੀਤੀ ਗਈ | ਸਵੇਰੇ 8 ਵਜੇ ਜਿਵੇਂ ਹੀ ਪੋਲਿੰਗ ਸ਼ੁਰੂ ਹੋਈ ਤਾਂ ਸ਼ਹਿਰ ਦੀਆਂ ਵੱਖ-ਵੱਖ ਵਾਰਡਾਂ ਅਤੇ ਬੂਥਾਂ 'ਤੇ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਨਜ਼ਰ ਆਈਆਂ | ਇਸ ਦੌਰਾਨ ਇਹ ਅਨੁਮਾਨ ਲਗਾਇਆ ਜਾ ਰਿਹਾ ਸੀ ਕਿ ਇਸ ਵਾਰ ਵੋਟਿੰਗ ਦਾ ਅੰਕੜਾ 80 ਫ਼ੀਸਦੀ ਤੱਕ ਪਹੁੰਚ ਸਕਦਾ ਹੈ, ਪਰ ਜਿਵੇਂ ਹੀ ਸੂਰਜ ਦੀ ਤਪਸ਼ ਵਧਣੀ ਸ਼ੁਰੂ ਹੋਈ, ਬੂਥਾਂ 'ਤੇ ਵੋਟਰਾਂ ਦੀ ਗਿਣਤੀ ਘਟਦੀ ਨਜ਼ਰ ਆਈ | ਦੁਪਹਿਰ 12 ਵਜੇ ਤੱਕ ਬਹੁਤੇ ਪੋਲਿੰਗ ਬੂਥ ਲਗਪਗ ਸੁੰਨੇ ਦਿਖਾਈ ਦਿੱਤੇ ਅਤੇ ਇਸ ਤੋਂ ਬਾਅਦ ਇੱਕਾ-ਦੁੱਕਾ ਵੋਟਰ ਹੀ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਪਹੁੰਚੇ | ਦੁਪਹਿਰ 3 ਵਜੇ ਤੋਂ ਸ਼ਾਮ 5 ਵਜੇ ਤੱਕ ਕਈ ਬੂਥ ਪੂਰੀ ਤਰ੍ਹਾਂ ਖਾਲੀ ਦਿਖਾਈ ਦਿੱਤੇ | ਚੋਣਾਂ ਨੂੰ ਅਮਨ-ਸ਼ਾਂਤੀ ਨਾਲ ਨੇਪਰੇ ਚਾੜ੍ਹਨ ਲਈ ਐਸ.ਡੀ.ਐਮ. ਪੱਟੀ ਅਮਨਦੀਪ ਸਿੰਘ ਅਤੇ ਪੁਲਿਸ ਪ੍ਰਸ਼ਾਸਨ ਐਸ.ਪੀ. ਸ਼ਿਵਦੀਪ ਸਿੰਘ, ਡੀ.ਐਸ.ਪੀ. ਰਵੀਸ਼ੇਰ ਸਿੰਘ ਤੇ ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ | ਹਾਲਾਂਕਿ ਇਸ ਦੌਰਾਨ ਵਾਰਡ ਨੰਬਰ 8, 15 ਅਤੇ 18 ਵਿਚ ਵੱਖ-ਵੱਖ ਸਿਆਸੀ ਧਿਰਾਂ ਦੇ ਸਮਰਥਕਾਂ ਵਿਚਕਾਰ ਤਕਰਾਰ ਅਤੇ ਤਨਾਅ ਵਾਲਾ ਮਾਹੌਲ ਵੀ ਦੇਖਣ ਨੂੰ ਮਿਲਿਆ | ਵਾਰਡ ਨੰਬਰ 18 ਵਿਚ ਸਥਿਤ ਇਕ ਪੋਲਿੰਗ ਬੂਥ 'ਤੇ ਕੁਝ ਸਮੇਂ ਲਈ ਪੋਲਿੰਗ ਵੀ ਪ੍ਰਭਾਵਿਤ ਰਹੀ, ਪਰ ਪੁਲਿਸ ਦੀ ਤੁਰੰਤ ਕਾਰਵਾਈ ਕਾਰਨ ਕੋਈ ਵੱਡੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ | ਇਸ ਚੋਣ ਵਿਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਲੋਂ 19-19 ਉਮੀਦਵਾਰ ਮੈਦਾਨ ਵਿਚ ਉਤਾਰੇ ਗਏ ਸਨ, ਜਦਕਿ ਕੈਰੋਂ ਪਰਿਵਾਰ ਵਲੋਂ 15, ਭਾਜਪਾ ਵਲੋਂ 12 ਅਤੇ 9 ਆਜ਼ਾਦ ਉਮੀਦਵਾਰ ਚੋਣ ਲੜ ਰਹੇ ਸਨ | ਹੁਣ ਇਨ੍ਹਾਂ ਸਾਰੇ ਉਮੀਦਵਾਰਾਂ ਦੀ ਕਿਸਮਤ ਵੋਟਾਂ ਵਾਲੇ ਡੱਬਿਆਂ ਵਿਚ ਬੰਦ ਹੋ ਚੁੱਕੀ ਹੈ ਅਤੇ ਸ਼ਹਿਰ ਦੀ ਸਿਆਸੀ ਤਸਵੀਰ ਦਾ ਫੈਸਲਾ ਗਿਣਤੀ ਦੇ ਦਿਨ ਸਾਹਮਣੇ ਆਵੇਗਾ | ਇਹ ਚੋਣਾਂ ਸਿਰਫ ਨਗਰ ਕੌਂਸਲ ਤੱਕ ਸੀਮਿਤ ਨਹੀਂ ਮੰਨੀਆਂ ਜਾ ਰਹੀਆਂ, ਸਗੋਂ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੱਟੀ ਸ਼ਹਿਰ ਵਿਚ ਲੋਕਾਂ ਦੇ ਸਿਆਸੀ ਰੁਝਾਨ ਦੀ ਵੱਡੀ ਪਰਖ ਵਜੋਂ ਵੀ ਦੇਖੀਆਂ ਜਾ ਰਹੀਆਂ ਹਨ | ਇਕ ਪਾਸੇ ਆਮ ਆਦਮੀ ਪਾਰਟੀ ਆਪਣੀ ਸਰਕਾਰ ਦੇ ਕੰਮਾਂ ਦੇ ਅਧਾਰ 'ਤੇ ਲੋਕਾਂ ਵਿਚ ਸਮਰਥਨ ਬਣਾਈ ਰੱਖਣ ਦਾ ਦਾਅਵਾ ਕਰ ਰਹੀ ਹੈ, ਜਦਕਿ ਕਾਂਗਰਸ ਅਤੇ ਕੈਰੋਂ ਪਰਿਵਾਰ ਇਸ ਚੋਣ ਨੂੰ ਸਰਕਾਰ ਖ਼ਿਲਾਫ਼ ਲੋਕਾਂ ਦੇ ਰੁਝਾਨ ਵਜੋਂ ਪੇਸ਼ ਕਰ ਰਹੇ ਹਨ | ਭਾਜਪਾ ਵੀ ਸ਼ਹਿਰ ਵਿਚ ਆਪਣਾ ਅਧਾਰ ਮਜ਼ਬੂਤ ਕਰਨ ਦੀ ਕੋਸ਼ਿਸ਼ ਵਿਚ ਨਜ਼ਰ ਆਈ | ਹੁਣ ਪੱਟੀ ਦੀ ਸਿਆਸਤ ਦੀ ਨਜ਼ਰ ਗਿਣਤੀ ਦੇ ਦਿਨ 'ਤੇ ਟਿਕੀ ਹੋਈ ਹੈ, ਜਦ ਇਹ ਸਾਫ਼ ਹੋਵੇਗਾ ਕਿ ਸ਼ਹਿਰ ਦੀ ਜਨਤਾ ਨੇ ਕਿਸ ਧਿਰ 'ਤੇ ਸਭ ਤੋਂ ਵੱਧ ਭਰੋਸਾ ਜਤਾਇਆ ਹੈ |

ਪਿਛਲੀ ਖ਼ਬਰ ਸੱਤਾ ਦੇ ਨਸ਼ੇ ਵਿਚ ਘੂਕ ਸੁੱਤੀ ਪੰਜਾਬ ਸਰਕਾਰ ਨੂੰ ਬੀਨ ਵਜਾ ਜਗਾਉਣਗੇ ਐਨ.ਪੀ.ਐਸ ਮੁਲਾਜ਼ਮ <br/> ਅਗਲੀ ਖ਼ਬਰ ਨਗਰ ਪੰਚਾਇਤ ਭਿੱਖੀਵਿੰਡ ਵਿਖੇ 64.56 ਫ਼ੀਸਦੀ ਲੋਕਾਂ ਨੇ ਕੀਤਾ ਮਤਦਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।