ਹਰੀਕੇ ਪੱਤਣ, 4 ਜੂਨ (ਸੰਜੀਵ ਕੁੰਦਰਾ)-ਹਰੀਕੇ ਪੱਤਣ ਇਲਾਕਾ ਜੋ ਕਿ ਦਹਾਕਿਆਂ ਤੋਂ ਨਹਿਰੀ ਪਾਣੀ ਨੂੰ ਤਰਸ ਰਿਹਾ ਸੀ ਅਤੇ 30 ਸਾਲ ਬਾਅਦ ਅੱਜ ਸਵੇਰੇ ਜਦ ਜਾਮਰਾਏ ਰਜਬਾਹੇ (ਨਹਿਰ) ਵਿਚ ਜਿਵੇਂ ਹੀ ਪਾਣੀ ਕਿਸਾਨਾਂ ਨੇ ਦੇਖਿਆ ਤਾਂ ਇਲਾਕੇ ਦੇ ਲੋਕਾਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ, ਪਰ ਕਈ ਕਿਸਾਨਾਂ ਲਈ ਇਹ ਪਾਣੀ ਆਫਤ ਬਣ ਗਿਆ | ਇਸ ਮੌਕੇ ਕਿਸਾਨ ਸੁਖਚੈਨ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਇਹ ਨਹਿਰ ਬੰਦ ਪਈ ਸੀ ਤੇ ਹੁਣ ਇਹ ਨਹਿਰ ਭਗਵੰਤ ਮਾਨ ਸਰਕਾਰ ਨੇ ਨਵੀਂ ਬਣਾਉਣ ਤੋਂ ਬਾਅਦ ਇਸ ਵਿਚ ਪਾਣੀ ਛੱਡਿਆ ਹੈ, ਪਰ ਟੇਲ ਤੋਂ ਅੱਗੇ ਖਾਲ ਵਗੈਰਾ ਨਾ ਹੋਣ ਕਾਰਨ ਹਰੀਕੇ ਅਤੇ ਬੂਹ 2 ਪਿੰਡਾਂ ਦਾ ਪਾਣੀ 40 ਕਿਲਿਆਂ ਜ਼ਮੀਨ ਵਿਚ ਪੈ ਰਿਹਾ ਹੈ, ਪਰ ਪ੍ਰਸ਼ਾਸਨ ਸਾਡੀ ਕੋਈ ਵੀ ਮੁਸ਼ਕਿਲ ਦਾ ਹੱਲ ਨਹੀਂ ਕਰ ਰਿਹਾ | ਉਨ੍ਹਾਂ ਕਿਹਾ ਕਿ ਅਸੀਂ ਖ਼ਰਚਾ ਕਰਕੇ ਜ਼ਮੀਨਾਂ ਵਿਚ ਵੱਟਾਂ ਬਣਾਈਆਂ ਸੀ, ਪਰ ਜ਼ਿਆਦਾ ਪਾਣੀ ਕਾਰਨ ਸਾਡਾ ਨੁਕਸਾਨ ਹੋ ਗਿਆ | ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਵੀ ਨਹਿਰੀ ਵਿਭਾਗ ਨੂੰ ਦਰਖਾਸਤਾਂ ਦਿੱਤੀਆਂ ਸਨ ਕਿ ਪਾਣੀ ਛੱਡਣ ਤੋਂ ਪਹਿਲਾਂ ਪਾਣੀ ਦੀ ਨਿਕਾਸੀ ਦਾ ਸਹੀ ਪ੍ਰਬੰਧ ਕੀਤਾ ਜਾਵੇ | ਕਿਸਾਨਾਂ ਨੇ ਕਿਹਾ ਕਿ ਟੇਲ ਤੋਂ ਅੱਗੇ ਸਹੀ ਖਾਲ ਨਾ ਹੋਣ ਕਾਰਨ ਅਤੇ ਨੈਸ਼ਨਲ ਹਾਈਵੇ 'ਤੇ ਪਾਣੀ ਵਾਲੀਆਂ ਬਣਾਈਆਂ ਪੁਲੀਆਂ ਵੀ ਉੱਚੀਆਂ ਹੋਣ ਕਾਰਨ ਪਾਣੀ ਅੱਗੇ ਨਹੀਂ ਜਾਂਦਾ, ਜਿਸ ਕਾਰਨ ਪਾਣੀ ਸਾਡੀਆਂ ਜ਼ਮੀਨਾਂ ਵਿਚ ਜਮ੍ਹਾਂ ਹੋ ਕੇ ਨੁਕਸਾਨ ਕਰ ਰਿਹਾ ਹੈ | ਇਸ ਮੌਕੇ ਕਿਸਾਨ ਜਗਬੀਰ ਸਿੰਘ ਸੋਨੂੰ ਸਿੱਧੂ ਨੇ ਕਿਹਾ ਕਿ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ | ਅਸੀਂ ਇਸ ਸੰਬੰਧੀ ਕਈ ਸਾਲਾਂ ਤੋਂ ਨਹਿਰੀ ਵਿਭਾਗ ਨੂੰ ਦਰਖਾਸਤਾਂ ਦੇ ਚੁੱਕੇ ਹਾਂ, ਪਰ ਕੋਈ ਸੁਣਵਾਈ ਨਹੀਂ ਹੋਈ | ਉਨ੍ਹਾਂ ਮੰਗ ਕੀਤੀ ਕਿ ਟੇਲ ਤੋਂ ਅੱਗੇ ਸਹੀ ਤਰੀਕੇ ਨਾਲ ਖਾਲ ਬਣਾਏ ਜਾਣ ਅਤੇ ਰਾਸ਼ਟਰੀ ਮਾਰਗ ਦੇ ਥੱਲਿਓਾ ਪਾਣੀ ਦੀ ਸਹੀ ਨਿਕਾਸੀ ਲਈ ਪਾਈਪ ਲਾਈਨ ਪਾਈ ਜਾਵੇ, ਤਾਂ ਜੋ ਸਾਰੇ ਕਿਸਾਨਾਂ ਨੂੰ ਨਹਿਰੀ ਪਾਣੀ ਸਹੀ ਤਰੀਕੇ ਨਾਲ ਮਿਲ ਸਕੇ ਅਤੇ ਨਿਕਾਸੀ ਨਾ ਹੋਣ ਕਾਰਨ ਕਿਸਾਨਾਂ ਦੀਆਂ ਜ਼ਮੀਨਾਂ ਵਿਚ ਜਮ੍ਹਾਂ ਹੁੰਦੇ ਪਾਣੀ ਨਾਲ ਹੋ ਰਹੇ ਨੁਕਸਾਨ ਤੋਂ ਕਿਸਾਨ ਬਚ ਸਕਣ | ਇਸ ਮੌਕੇ ਸੋਨੂੰ ਸਿੱਧੂ ਮੰਡਲ ਪ੍ਰਧਾਨ, ਰਾਜਿੰਦਰ ਸਿੰਘ, ਨੰਬਰਦਾਰ ਜਾਗੀਰ ਸਿੰਘ, ਜਸਵਿੰਦਰ ਸਿੰਘ, ਦਵਿੰਦਰ ਸਿੰਘ, ਕੁਲਦੀਪ ਸਿੰਘ, ਗੁਰਪਿੰਦਰ ਸਿੰਘ, ਹਰਪਾਲ ਸਿੰਘ, ਜਗਜੀਤ ਸਿੰਘ, ਗੁਰਸ਼ਰਨ ਸਿੰਘ ਅਤੇ ਬਖਸ਼ੀਸ਼ ਸਿੰਘ ਆਦਿ ਹਾਜ਼ਰ ਸਨ |