ਤਰਨ ਤਾਰਨ, 4 ਜੂਨ (ਹਰਿੰਦਰ ਸਿੰਘ)-ਵਧੀਕ ਡਿਪਟੀ ਕਮਿਸ਼ਨਰ ਤਰਨ ਤਾਰਨ ਸੁਰਿੰਦਰ ਸਿੰਘ ਵਲੋਂ ਵਿਸ਼ਵ ਵਾਤਾਵਰਣ ਦਿਵਸ-2026 ਮੌਕੇ ਪੇਂਡੂ ਵਿਕਾਸ ਭਵਨ ਤਰਨ ਤਾਰਨ ਵਿਖੇ ਪੌਦਾ ਲਗਾ ਕੇ 'ਇਕ ਰੁੱਖ ਮਾਂ ਦੇ ਨਾਮ' ਮੁਹਿੰਮ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਉਨ੍ਹਾਂ ਜ਼ਿਲ੍ਹਾ ਤਰਨ ਤਾਰਨ ਦੇ ਸਮੂਹ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਹਰੇਕ ਨਿਵਾਸੀ ਵਲੋੋਂ ਇਸ ਮੁਹਿੰਮ ਵਿਚ ਵੱਧ- ਚੜ੍ਹ ਕੇ ਭਾਗ ਲਿਆ ਜਾਵੇ ਅਤੇ ਘੱਟੋ-ਘੱਟ ਇਕ ਪੌਦਾ ਆਪਣੇ ਮਾਤਾ-ਪਿਤਾ ਜਾਂ ਬੱਚਿਆਂ ਦੇ ਨਾਮ 'ਤੇ ਜਰੂਰ ਲਗਾਇਆ ਜਾਵੇ ਅਤੇ ਉਸ ਦੀ ਸਾਂਭ-ਸੰਭਾਲ ਵੀ ਕੀਤੀ ਜਾਵੇ ਤਾਂ ਜੋ ਸਾਡਾ ਆਲਾ-ਦੁਆਲਾ ਹਰਿਆ-ਭਰਿਆ ਅਤੇ ਵਾਤਾਵਰਣ ਸ਼ੁੱਧ ਅਤੇ ਸੁਹਾਵਣਾ ਬਣ ਸਕੇ ਅਤੇ ਬਿਮਾਰੀਆ ਤੋਂ ਬਚਾਅ ਹੋ ਸਕੇ | ਉਨ੍ਹਾਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ /ਕਰਮਚਾਰੀਆਂ ਨੂੰ ਕਿਹਾ ਕਿ ਉਹ ਆਪਣੇ ਵਿਭਾਗਾਂ ਵਿਚ ਚੱਲ ਰਹੇ ਜਾਂ ਮੁਕੰਮਲ ਹੋ ਚੁੱਕੇ ਪ੍ਰਾਜੈਕਟਾਂ, ਜਿਵੇਂ ਕਿ ਠੋਸ ਕੂੜਾ ਪ੍ਰਬੰਧਨ, ਤਰਲ ਕੂੜਾ ਪ੍ਰਬੰਧਨ, ਜਲ ਸਪਲਾਈ ਸਕੀਮਾਂ ਆਦਿ ਵਿਚ ਪੌਦੇ ਲਗਾਉਣ | ਇਸ ਤੋਂੋ ਇਲਾਵਾ ਉਨ੍ਹਾਂ ਸਕੂਲਾਂ, ਕਾਲਜਾਂ, ਆਂਗਣਵਾੜੀਆਂ ਅਤੇ ਦਫ਼ਤਰਾਂ ਵਿਖੇ ਫੁੱਲਦਾਰ ਅਤੇ ਫਲਦਾਰ ਪੌਦੇ ਲਗਾ ਕੇ ਇਸ ਮੁਹਿੰਮ ਵਿਚ ਯੋਗਦਾਨ ਪਾਉਣ ਦੀ ਅਪੀਲ ਕੀਤੀ | ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਤਰਨ ਤਾਰਨ ਪਿਆਰ ਸਿੰਘ ਵਲੋਂ ਪਾਣੀ ਦੀ ਸਾਂਭ-ਸੰਭਾਲ ਤੇ ਸਹੀ ਵਰਤੋਂ ਕਰਨ ਦੀ ਅਪੀਲ ਕੀਤੀ ਗਈ |