ਗੋਇੰਦਵਾਲ ਸਾਹਿਬ, 4 ਜੂਨ (ਸਕੱਤਰ ਸਿੰਘ ਅਟਵਾਲ)ਪੀ. ਐੱਸ. ਆਈ. ਈ. ਸੀ. ਸਟਾਫ਼ ਵੈੱਲਫੇਅਰ ਐਸੋਸੀਏਸ਼ਨ ਵਲੋਂ ਫੋਕਲ ਪੁਆਇੰਟ ਗੋਇੰਦਵਾਲ ਸਾਹਿਬ ਵਿਖੇ ਦਲਬੀਰ ਸਿੰਘ (ਫਿਲਿੰਗ ਬੁਆਏ) ਦੀ ਸੇਵਾ ਮੁਕਤੀ ਉਪਰੰਤ ਸਨਮਾਨ ਸਮਾਰੋਹ ਤੇ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਉਨ੍ਹਾਂ ਦੀਆਂ ਵਿਭਾਗ ਪ੍ਰਤੀ ਨਿਭਾਈਆਂ ਗਈਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਨਵੀਂ ਜਿੰਦਗੀ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ | ਸਮਾਗਮ ਵਿਚ ਚੰਡੀਗੜ੍ਹ ਤੋਂ ਪੀ. ਐੱਸ. ਆਈ. ਸੀ. ਸਟਾਫ਼ ਐਸੋਸੀਏਸ਼ਨ ਦੇ ਪ੍ਰਧਾਨ ਦੀਪਾ ਰਾਮ, ਜਨਰਲ ਸਕੱਤਰ ਤਾਰਾ ਸਿੰਘ, ਬਲਵੰਤ ਸਿੰਘ, ਸਵਰਨ ਸਿੰਘ ਅਤੇ ਅੰਮਿ੍ਤਪਾਲ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਤੋਂ ਇਲਾਵਾ ਗੋਇੰਦਵਾਲ ਸਾਹਿਬ ਤੋਂ ਜਤਿੰਦਰ ਸਿੰਘ, ਬਟਾਲਾ ਤੋਂ ਪ੍ਰਵੀਨ ਕੁਮਾਰ, ਅੰਮਿ੍ਤਸਰ ਤੋਂ ਰੌਸ਼ਨ ਸਿੰਘ ਸਮੇਤ ਹੋਰ ਬੁਲਾਰਿਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ | ਦੀਪਾ ਰਾਮ ਪ੍ਰਧਾਨ ਵਲੋਂ ਸੰਬੋਧਨ ਕਰਦੇ ਹੋਏ ਦਲਵੀਰ ਸਿੰਘ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ, ਕਿਉਂਕਿ ਉਨ੍ਹਾਂ ਵਲੋਂ ਲੰਮਾ ਸਮਾਂ ਐਸੋਸੀਏਸ਼ਨ ਵਲੋਂ ਕੀਤੇ ਸੰਘਰਸ਼ਾਂ ਵਿਚ ਸ਼ਾਮਿਲ ਹੋ ਕੇ ਅਤੇ ਕਾਰਪੋਰੇਸ਼ਨ ਬਚਾਉਣ ਵਾਸਤੇ ਵਡਮੁੱਲਾ ਯੋਗਦਾਨ ਪਾਇਆ | ਸੇਵਾ ਮੁਕਤੀ ਦੇ ਸਮਾਗਮ ਵਿਚ ਫੋਕਲ ਪੁਆਇੰਟ ਦੇ ਮੁਲਾਜ਼ਮ ਦੇ ਨਾਲ ਸੇਵਾ ਮੁਕਤ ਮੁਲਾਜ਼ਮਾਂ ਸ਼ਾਮਿਲ ਹੋਏ | ਇਸ ਤੋਂ ਇਲਾਵਾ ਇੰਡਸਟਰੀਅਲ ਐਸੋਸੀਏਸ਼ਨ ਗੋਇੰਦਵਾਲ ਸਾਹਿਬ ਦੇ ਅਹੁਦੇਦਾਰ, ਜਿਨ੍ਹਾਂ ਵਿਚ ਹਰਪਿੰਦਰ ਸਿੰਘ ਗਿੱਲ, ਜਰਨਲ ਸਕੱਤਰ, ਸੁਖਵਿੰਦਰ ਸਿੰਘ ਧਾਲੀਵਾਲ, ਮਨਜੀਤ ਸਿੰਘ, ਸਰਬਜੀਤ ਸਿੰਘ ਅਤੇ ਇਲਾਕੇ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਮੌਜੂਦ ਰਹੀਆਂ | ਸੇਵਾ ਮੁਕਤੀ ਵਿਚ ਸ਼ਾਮਿਲ ਸਾਥੀਆਂ ਨੇ ਦਲਬੀਰ ਸਿੰਘ ਨੂੰ ਸਨਮਾਨ ਚਿੰਨ੍ਹ ਭੇਟ ਕਰਦਿਆਂ ਉਨ੍ਹਾਂ ਦੀ ਚੰਗੀ ਸਿਹਤ, ਖੁਸ਼ਹਾਲ ਤੇ ਸੁਖਮਈ ਜੀਵਨ ਦੀ ਕਾਮਨਾ ਕੀਤੀ |