ਖਾਲੜਾ, 9 ਜੂਨ (ਜੱਜਪਾਲ ਸਿੰਘ ਜੱਜ)-ਮਾਸਟਰ ਪਰਮਿੰਦਰ ਸਿੰਘ ਨਵਾਂ ਪਿੰਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੀਬੀ ਪਰਮਜੀਤ ਕੌਰ ਖਾਲੜਾ, ਜਿਨ੍ਹਾਂ ਦੇ ਪਤੀ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਬਹੁਤ ਵੱਡੀ ਕੁਰਬਾਨੀ ਹੈ, ਨੂੰ 2019 ਦੀਆਂ ਲੋਕ ਸਭਾ ਚੋਣਾਂ ਵਿਚ ਹੋਈ ਹਾਰ ਕਾਰਨ ਸਿੱਖ ਕੌਮ ਦੇ ਮੱਥੇ 'ਤੇ ਲੱਗਾ ਕਲੰਕ ਇਸ ਵਾਰ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿਤਾ ਕੇ ਲਾਉਣ ਲਈ ਲੋਕਾਂ ਨੂੰ ਪਿੰਡ-ਪਿੰਡ ਜਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਇਹ ਮੁਹਿੰਮ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੱਦੀ ਪਿੰਡ ਖਾਲੜਾ ਤੋਂ ਆਰੰਭ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਵਿਧਾਨ ਸਭਾ ਹਲਕਾ ਖੇਮਕਰਨ ਦੇ ਸਾਰੇ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਬੀਬੀ ਪਰਮਜੀਤ ਕੌਰ ਖਾਲੜਾ ਇਸ ਹਲਕੇ ਦੀ ਧੀ ਹੈ ਤੇ ਉਨ੍ਹਾਂ ਨੂੰ ਜਿਤਾਉਣਾ ਸਾਡਾ ਫਰਜ਼ ਬਣਦਾ ਹੈ | ਉਨ੍ਹਾਂ ਕਿਹਾ ਕਿ 2019 ਵਿਚ ਬੀਬੀ ਪਰਮਜੀਤ ਕੌਰ ਖਾਲੜਾ ਦੀ ਹੋਈ ਹਾਰ ਦਾ ਮੁੱਖ ਕਾਰਨ ਲੋਕਾਂ ਨੂੰ ਜਾਗਰੂਕ ਨਹੀਂ ਕੀਤਾ ਗਿਆ ਸੀ ਅਤੇ ਜਿਸ ਦਾ ਫਾਇਦਾ ਦੂਜੀਆਂ ਪਾਰਟੀਆਂ ਉਠਾ ਗਈਆਂ | ਉਨ੍ਹਾਂ ਕਿਹਾ ਕਿ ਵਾਰਿਸ ਪੰਜਾਬ ਜਥੇਬੰਦੀ ਨੂੰ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਟਿਕਟ ਦੇ ਕੇ ਨਿਵਾਜਣਾ ਚਾਹੀਦਾ ਹੈ ਅਤੇ ਜੇਕਰ ਸਮੇਂ ਦੀਆਂ ਸਰਕਾਰਾਂ ਭਾਈ ਅੰਮਿ੍ਤਪਾਲ ਸਿੰਘ ਨੂੰ ਕਿਸੇ ਕਾਰਨ ਜੇਲ੍ਹ ਵਿਚੋਂ ਨਹੀਂ ਆਉਣ ਦਿੰਦੀਆਂ ਤਾਂ ਬੀਬੀ ਪਰਮਜੀਤ ਕੌਰ ਨੂੰ ਮੁੱਖ ਮੰਤਰੀ ਦਾ ਦਾਅਵੇਦਾਰ ਬਣਾਉਣਾ ਚਾਹੀਦਾ ਹੈ | ਇਸ ਮੌਕੇ ਉਨ੍ਹਾਂ ਨਾਲ ਕੁਲਬੀਰ ਸਿੰਘ ਲਾਡਾ, ਜਸਵੰਤ ਸਿੰਘ ਮੈਂਬਰ ਕਿਸਾਨ ਸੰਘਰਸ਼ ਕਮੇਟੀ, ਕਰਮੋਲਕ ਸਿੰਘ ਆਦਿ ਹਾਜ਼ਰ ਸਨ |