ਸਰਹਾਲੀ ਕਲਾਂ, 9 ਜੂਨ (ਅਜੇ ਹੁੰਦਲ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ ਤਰਨ ਤਾਰਨ ਵਲੋਂ ਪਿੰਡ ਸੁਹਾਵਾ ਵਿਖੇ ਬਾਸਮਤੀ ਦੇ ਬੀਜ ਤੇ ਪਨੀਰੀ ਦੀ ਸੋਧ ਸਬੰਧੀ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਇਸ ਪ੍ਰੋਗਰਾਮ ਦਾ ਉਦੇਸ਼ ਕਿਸਾਨਾਂ ਵਿਚ ਬੀਜ ਅਤੇ ਪਨੀਰੀ ਨੂੰ ਟ੍ਰਾਈਕੋਡਰਮਾ ਐਸਪੇਰੇਲਮ ਨਾਲ ਸੋਧ ਕੇ ਬੀਜਣ ਲਈ ਪ੍ਰੇਰਿਤ ਕਰਨਾ ਸੀ, ਤਾਂ ਜੋ ਬਾਸਮਤੀ ਵਿਚ ਪੈਰਾਂ ਦੇ ਗਾਲ੍ਹੇ ਦੀ ਰੋਕਥਾਮ ਸੁਚੱਜੇ ਢੰਗ ਨਾਲ ਕੀਤੀ ਜਾ ਸਕੇ | ਇਸ ਪ੍ਰੋਗਰਾਮ ਵਿਚ 60 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ | ਡਾ. ਪਰਵਿੰਦਰ ਸਿੰਘ ਇੰਚਾਰਜ ਨੇ ਕਿਸਾਨਾਂ ਨੂੰ ਮਿੱਟੀ ਪਰਖ਼ ਦੀਆਂ ਸਿਫ਼ਾਰਸ਼ਾਂ ਦੇ ਆਧਾਰ 'ਤੇ ਖੇਤਾਂ ਅਤੇ ਬਾਗਬਾਨੀ ਫ਼ਸਲਾਂ ਵਿੱਚ ਖ਼ਾਦਾਂ ਦੀ ਸੰਤੁਲਿਤ ਵਰਤੋਂ ਕਰਨ ਤੇ ਜ਼ੋਰ ਦਿੱਤਾ | ਉਨ੍ਹਾਂ ਨੇ ਗਰਮੀਆਂ ਦੀਆਂ ਸਬਜ਼ੀਆਂ ਦੀ ਸਾਂਭ-ਸੰਭਾਲ ਅਤੇ ਬਰਸਾਤੀ ਰੁੱਤ ਦੀਆਂ ਸਬਜ਼ੀਆਂ ਦੀ ਸਫਲਤਾਪੂਰਵਕ ਕਾਸ਼ਤ ਕਰਨ ਦੇ ਢੰਗ-ਤਰੀਕਿਆਂ 'ਤੇ ਚਾਨਣਾ ਪਾਇਆ | ਡਾ. ਪਰਮਿੰਦਰ ਕੌਰ ਸਹਿਜਪਾਲ ਪਿ੍ੰਸੀਪਲ ਐਕਸਟੈਂਸ਼ਨ ਸਾਇੰਟਿਸਟ (ਪੌਦਾ ਰੋਗ) ਨੇ ਬੀਜ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ, ਖ਼ਾਸ ਕਰਕੇ ਪੈਰਾਂ ਦੇ ਗਾਲ੍ਹੇ ਦੀ ਰੋਕਥਾਮ ਲਈ ਟ੍ਰਾਈਕੋਡਰਮਾ ਐਸਪੇਰੇਲਮ ਨਾਲ ਬਾਸਮਤੀ ਚੌਲਾਂ ਦੇ ਬੀਜ ਅਤੇ ਪਨੀਰੀ ਦੀ ਸੋਧ ਕਰਨ 'ਤੇ ਜ਼ੋਰ ਦਿੱਤਾ | ਉਨ੍ਹਾਂ ਕਿਸਾਨਾਂ ਨੂੰ ਝੋਨੇ ਦੇ ਮੱਧਰੇਪਨ ਅਤੇ ਝੂਠੀ ਕੰਗਿਆਰੀ ਦੇ ਰੋਗਾਂ ਦੀ ਰੋਕਥਾਮ ਲਈ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ | ਡਾ. ਪਰਮਿੰਦਰ ਸਿੰਘ ਸੰਧੂ ਜ਼ਿਲ੍ਹਾ ਪਸਾਰ ਵਿਗਿਆਨੀ (ਫ਼ਸਲ ਵਿਗਿਆਨ) ਨੇ ਝੋਨੇ/ਬਾਸਮਤੀ ਚੌਲਾਂ ਵਿਚ ਸੰਤੁਲਿਤ ਤੇ ਲੋੜ ਅਨੁਸਾਰ ਖਾਦਾਂ ਦੀ ਵਰਤੋਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਝੋਨੇ ਦੇ ਖੇਤਾਂ ਵਿਚ ਫਾਸਫੋਰਸ ਖ਼ਾਦ ਦੀ ਵਰਤੋਂ ਤੋਂ ਗੁਰੇਜ ਕਰਨ, ਜੇਕਰ ਪਹਿਲਾਂ ਕਣਕ ਦੀ ਫ਼ਸਲ ਵਿਚ ਫਾਸਫੋਰਸ ਖ਼ਾਦ ਵਰਤੀ ਹੋਵੇ | ਮਾਹਿਰਾਂ ਨੇ ਝੋਨੇ/ਬਾਸਮਤੀ, ਸਬਜ਼ੀਆਂ ਅਤੇ ਫਲਾਂ ਵਿਚ ਕੀੜੇ-ਮਕੌੜਿਆਂ, ਬਿਮਾਰੀਆਂ, ਖ਼ਾਦ, ਸਿੰਚਾਈ ਤੇ ਨਦੀਨਾਂ ਦੇ ਪ੍ਰਬੰਧ ਸਬੰਧੀ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ |