ਤਰਨ ਤਾਰਨ, 9 ਜੂਨ (ਪਰਮਜੀਤ ਜੋਸ਼ੀ)-ਸਮੇਂ ਸਿਰ ਕੈਂਸਰ ਦੇ ਲੱਛਣਾਂ ਦਾ ਪਤਾ ਲੱਗਣ 'ਤੇ ਮੂੰਹ ਅਤੇ ਗਲੇ ਦੇ ਕੈਂਸਰ ਤੋਂ ਬਚਿਆ ਜਾ ਸਕਦਾ ਹੈ | ਮਨੁੁੱਖ ਨੂੰ ਮੂੰਹ ਅਤੇ ਗਲੇੇ ਦੇ ਕੈਂਸਰ ਹੋਣ ਦੇ ਵੱਖ-ਵੱਖ ਲੱਛਣ ਹੋ ਸਕਦੇ ਹਨ | ਆਵਾਜ ਬਦਲਣਾ, ਆਵਾਜ ਦਾ ਭਾਰੀ ਹੋਣਾ, ਗਲੇ ਵਿਚ ਗੰਡਾਂ ਦਾ ਮਹਿਸੂਸ ਹੋਣਾ, ਖਾਣਾ ਖਾਣ ਵਿਚ ਪਰੇਸ਼ਾਨੀ, ਸਰੀਰ ਥੱਕਿਆ ਰਹਿਣਾ, ਖਾਣਾ ਚਬਾਉਣ ਅਤੇ ਜੀਭ ਹਿਲਾਉਣ ਸਮੇਂ ਦਰਦ, ਲਗਾਤਾਰ ਵਜਨ ਘੱਟ ਹੋਣਾ, ਮੂੰਹ ਵਿਚੋਂ ਬਦਬੂ ਆਉਣਾ, ਸਾਹ ਲੈਣ 'ਚ ਤਕਲੀਫ, ਨੀਂਦ ਘੱਟ ਹੋਣਾ, ਖਾਂਸੀ ਦੇ ਨਾਲ ਮੂੰਹ 'ਚ ਖੂਨ ਆਉਣਾ ਕੈਂਸਰ ਦੇ ਲੱਛਣ ਹੋ ਸਕਦੇ ਹਨ | ਇਹ ਜਾਣਕਾਰੀ ਈ. ਐੱਨ. ਟੀ. ਸਰਜਨ ਡਾ. ਰਾਜਬਰਿੰਦਰ ਸਿੰਘ ਰੰਧਾਵਾ ਨੇ ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਨਜ਼ਦੀਕ ਪਾਸੀ ਮੈਡੀਕਲ ਤਰਨ ਤਾਰਨ ਵਿਖੇ ਗੱਲਬਾਤ ਦੌਰਾਨ ਦਿੱਤੀ | ਉਨ੍ਹਾਂ ਦੱਸਿਆ ਕਿ ਅਗਰ ਕਿਸੇ ਵਿਅਕਤੀ ਦੇ ਸਰੀਰ ਵਿਚ ਉਕਤ ਬਿਮਾਰੀ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਮਰੀਜ ਦਾ ਡਾਇਰੈਕਟ ਲੈਰਗੋਸਕੋਪੀ (ਦੂਰਬੀਨ ਰਾਹੀਂ ਜਾਂਚ), ਸੀ.ਟੀ ਸਕੈਨ, ਐਮ.ਆਰ ਟੈਸਟ ਕਰਵਾ ਕੇ ਪਤਾ ਲਗਾਇਆ ਜਾਂਦਾ ਹੈ ਕਿ ਮਰੀਜ ਦਾ ਕੈਂਸਰ ਕਿਥੋਂ ਤੱਕ ਫੈਲ ਚੁੱਕਾ ਹੈ ਅਤੇ ਬਾਅਦ ਵਿਚ ਮਰੀਜ ਦੇ ਕੈਂਸਰ ਦਾ ਟੁਕੜਾ ਲੈ ਕੇ ਉਸ ਨੂੰ ਟੈਸਟ ਲਈ ਭੇਜਿਆ ਜਾਂਦਾ ਹੈ ਕਿ ਕੈਂਸਰ ਕਿਸ ਪ੍ਰਕਾਰ ਦਾ ਹੈ ਅਤੇ ਇਸਦਾ ਇਲਾਜ ਕੀ ਹੋਵੇਗਾ | ਉਨ੍ਹਾਂ ਦੱਸਿਆ ਕਿ ਅਗਰ ਮਰੀਜ ਨੂੰ ਪਹਿਲੀ ਸਟੇਜ 'ਤੇ ਕੈਂਸਰ ਦਾ ਪਤਾ ਲੱਗ ਜਾਂਦਾ ਹੈ ਤਾਂ ਉਸਦਾ ਇਲਾਜ (ਲੇਜਰ ਅਤੇ ਰੈਡੀਓਥਰੈਪੀ) ਕਿਰਨਾਂ ਨਾਲ ਕੀਤਾ ਜਾਂਦਾ ਹੈ, ਦੂਸਰੀ ਅਤੇ ਤੀਸਰੀ ਸਟੇਜ ਵਿਚ ਆਪ੍ਰੇਸ਼ਨ ਅਤੇ ਕਿਰਨਾਂ ਨਾਲ ਇਲਾਜ ਕੀਤਾ ਜਾਂਦਾ ਹੈ, ਇਸ ਲਈ ਲੋਕਾਂ ਨੂੰ ਆਪਣੇ ਸਰੀਰ ਵਿਚ ਹੋ ਰਹੇ ਬਦਲਾਅ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਕਿਸੇ ਵਿਅਕਤੀ ਦੇ ਸਰੀਰ ਵਿਚ ਉਕਤ ਲੱਛਣ ਦਿਖਾਈ ਦਿੰਦੇ ਹਨ ਤਾਂ ਉਸ ਦਾ ਤੁਰੰਤ ਚੈੱਕਅੱਪ ਜਰੂਰ ਕਰਵਾਉਣਾ ਚਾਹੀਦਾ ਹੈ |