ਖੇਮਕਰਨ, 10 ਜੂਨ (ਰਾਕੇਸ਼ ਕੁਮਾਰ ਬਿੱਲਾ)- ਸਰਹੱਦੀ ਕਸਬਾ ਖੇਮਕਰਨ ਦੀਆਂ ਵੱਖ-ਵੱਖ ਵਾਰਡਾਂ ਵਿਚ ਗੰਦੇ ਪਾਣੀ ਦੀ ਨਿਕਾਸੀ ਦਾ ਢੱੁਕਵਾਂ ਪ੍ਰਬੰਧ ਨਾ ਹੋਣ ਕਰਕੇ ਸ਼ਹਿਰ ਵਾਸੀ ਪਿਛਲੇ ਸਮੇਂ ਤੋਂ ਲਗਾਤਾਰ ਵੱਡੀ ਮੁਸ਼ਕਿਲ ਨਾਲ ਜੂਝ ਰਹੇ ਹਨ | ਸ਼ਹਿਰ ਦੀਆਂ ਗਲੀਆਂ 'ਚ ਗੰਦਾ ਪਾਣੀ ਲਗਾਤਾਰ ਭਰਦਾ ਜਾ ਰਿਹਾ ਹੈ, ਜਿਹੜਾ ਹੁਣ ਲੋਕਾਂ ਦੇ ਘਰਾਂ 'ਚ ਵੜ ਰਿਹਾ ਹੈ | ਇਹ ਗੰਦਾ ਪਾਣੀ ਸ਼ਹਿਰ 'ਚ ਜਿਥੇ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ, ਉੱਥੇ ਪ੍ਰਭਾਵਿੱਤ ਅਬਾਦੀ ਲਈ ਨਰਕ ਬਣ ਗਿਆ ਹੈ | ਇਸ ਕਰਕੇ ਪ੍ਰਭਾਵਿਤ ਵਾਰਡਾਂ 'ਚ ਲੋਕਾਂ ਦਾ ਰਹਿਣਾ ਦੁੱਭਰ ਹੋ ਗਿਆ ਹੈ | ਹਲਕੇ ਦੇ ਸਾਬਕਾ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਸਥਾਨਕ ਵਰਕਰਾਂ ਨੂੰ ਲੈ ਕੇ ਸ਼ਹਿਰ ਦੀਆਂ ਪ੍ਰਭਾਵਿਤ ਵਾਰਡਾਂ ਦਾ ਦੌਰਾ ਕੀਤਾ ਤੇ ਘਰਾਂ ਵਾਲਿਆਂ ਦੀਆਂ ਮੁਸ਼ਕਿਲਾਂ ਨੂੰ ਨਜ਼ਦੀਕ ਤੋੋਂ ਦੇਖਿਆ | ਉਨ੍ਹਾਂ ਪ੍ਰਭਾਵਿਤ ਘਰਾਂ ਵਾਲਿਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਕਾਂਗਰਸ ਪਾਰਟੀ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਧਿਆਨ 'ਚ ਲਿਆ ਕੇ ਖੇਮਕਰਨ ਸ਼ਹਿਰ ਦੀ ਇਸ ਮੁਸ਼ਕਿਲ ਦਾ ਹੱਲ ਕਰਾਉਣਗੇ | ਸਾਬਕਾ ਵਿਧਾਇਕ ਨੇ ਪੰਜਾਬ ਦੀ ਮਾਨ ਸਰਕਾਰ ਵਲੋਂ ਕਰਵਾਏ ਜਾ ਰਹੇ ਵਿਕਾਸ ਦੇ ਦਾਅਵਿਆਂ ਦਾ ਮਜ਼ਾਕ ਉੱਡਾਉਂਦੇ ਹੋਏ ਕਿਹਾ ਕਿ ਬਦਲਾਅ ਦੇ ਨਾਂ 'ਤੇ ਪੰਜਾਬ ਅੰਦਰ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਥੇ ਵਿਕਾਸ ਤਾਂ ਕੀ ਕਰਨਾ ਸੀ | ਪਿਛਲੀ ਕਾਂਗਰਸ ਸਰਕਾਰ ਸਮੇੇਂ ਖੇਮਕਰਨ ਸ਼ਹਿਰ ਲਈ ਮਨਜ਼ੂਰ ਕਰਾਏ ਗਏ ਟਰੀਟਮੈਂਟ ਪਲਾਂਟ ਨੂੰ ਸਾਢੇ ਚਾਰ ਸਾਲ ਬੀਤਣ 'ਤੇ ਵੀ ਮੁਕੰਮਲ ਨਹੀ ਕਰਵਾ ਸਕੀ | ਇੱਥੇ ਅਜੇ ਤੱਕ ਇਕ ਵੀ ਵਿਕਾਸ ਕਾਰਜ ਸ਼ੁਰੂ ਨਹੀਂ ਹੋਇਆ | ਜਦ ਕਿ ਦਾਅਵੇ ਸੱਤਾਧਾਰੀ ਬੜੇ ਕਰਦੇ ਆ ਰਹੇ ਹਨ | ਉਨ੍ਹÉਾਂ ਅੱਗੇ ਡਰ ਜ਼ਾਹਰ ਕੀਤਾ ਕਿ ਜੇਕਰ ਗੰਦਾ ਪਾਣੀ ਹੋਰ ਸਮਾਂ ਖੜਾ ਰਿਹਾ ਤਾਂ ਗੰਦੇ ਪਾਣੀ ਦੇ ਪ੍ਰਭਾਵ ਨਾਲ ਮੁਹੱਲਿਆਂ ਵਿਚ ਕਾਲਾ ਪੀਲੀਆ, ਚਮੜੀ ਰੋਗ ਅਤੇ ਹੋਰ ਬਿਮਾਰੀਆਂ ਫੈਲਣ ਦਾ ਵੀ ਖ਼ਤਰਾ ਹੈ | ਉਨ੍ਹਾਂ ਦੱਸਿਆ ਕਿ ਸਥਾਨਕ ਵਾਰਡ ਨੰਬਰ ਇਕ-ਦੋ ਅਤੇ 12 ਅੰਦਰ ਕਰੀਬ ਡੇਢ ਕਿਲੋਮੀਟਰ ਦਾ ਏਰੀਆ ਗੰਦੇ ਪਾਣੀ ਨਾਲ ਪ੍ਰਭਾਵਿਤ ਹੋਇਆ ਹੈ, ਜਿਸ ਨਾਲ ਕਰੀਬ 400 ਘਰ ਨਰਕ ਭਰਿਆ ਜੀਵਨ ਬਤੀਤ ਕਰ ਰਹੇ ਹਨ | ਵਾਰਡਾਂ ਵਾਸੀਆਂ ਨੇ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਕਿ ਇਸ ਗੰਦੇ ਪਾਣੀ ਦੀ ਨਿਕਾਸੀ ਵਾਸਤੇ ਪਹਿਲਾਂ ਵੀ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦੱਸਿਆ ਜਾ ਚੁੱਕਾ ਹੈ ਪਰ ਪਰਨਾਲਾ ਉੱਥੇ ਦਾ ਉੱਥੇ ਹੈ | ਨਗਰ ਪੰਚਾਇਤ ਖੇਮਕਰਨ ਦੇ ਸਾਬਕਾ ਪ੍ਰਧਾਨ ਆਲਮ ਵਿਜੇ ਸਿੰਘ ਪੱਤੂ, ਸਾਬਕਾ ਕੌਂਸਲਰ ਗੁਰਬੀਰ ਸਿੰਘ ਖੇੜਾ ਤੇ ਵਰਿਆਮ ਸਿੰਘ ਚੱਠੂ ਨੇ ਦੱਸਿਆ ਕਿ ਇੰਨ੍ਹਾਂ ਤਿੰਨ ਵਾਰਡਾਂ ਵਿਚ ਹਾਲਤ ਬਹੁਤ ਭਿਆਨਕ ਹੈ | ਸਾਰੇ ਘਰਾਂ ਵਾਲਿਆਂ ਨੂੰ ਮਜ਼ਬੂਰੀ 'ਚ ਗੰਦੇ ਪਾਣੀ ਚੋਂੋ ਲੰਘ ਕਿ ਆਪਣੇ ਘਰਾਂ ਨੂੰ ੂੰ ਜਾਣਾ ਪੈ ਰਿਹਾ ਹੈ ਕਿਉਂਕਿ ਇੰਨ੍ਹਾਂ ਤਿੰਨ ਵਾਰਡਾਂ ਵਿਚਲੀਆ ਕਰੀਬ ਅੱਧੀ ਦਰਜਨ ਗਲੀਆਂ 'ਚ ਗੰਦਾ ਪਾਣੀ ਲਗਾਤਾਰ ਖੜਾ ਹੈ | ਇਸ ਤੋਂ ਇਲਾਵਾ ਕਰੀਬੀ ਦੋ ਛੱਪੜਾਂ ਵਿਚਲਾ ਪਾਣੀ ਵੀ ਓਵਰਫਲੋ ਹੋ ਕਿ ਵਾਪਸ ਘਰਾਂ 'ਚ ਵੜ ਰਿਹਾ ਹੈ | ਸਥਾਨਕ ਸ਼ਹਿਰ ਦੇ ਨਾਲ ਕਾਫ਼ੀ ਨਜ਼ਦੀਕੀ ਪਿੰਡਾਂ ਕਲਸ, ਮੱਸਤਗੜ, ਨੂਰਵਾਲਾ, ਦੂਹਲ ਨੌ, ਭੂਰਾ ਕਰੀਮਪੁਰਾ ਆਦਿ ਪਿੰਡਾਂ ਵਾਸੀਆਂ ਨੂੰ ਆਉਣ ਜਾਣ ਵਿਚ ਬਹੁਤ ਪਰੇਸ਼ਾਨੀਆਂ | ਕਾਂਗਰਸੀਆਂ ਨੇ ਦੱਸਿਆ ਕਿ ਕਈ ਵਾਰ ਸੰਬੰਧਿਤ ਨਗਰ ਪੰਚਾਇਤ ਖੇਮਕਰਨ ਦੇ ਅਧਿਕਾਰੀਆਂ ਦੇ ਧਿਆਨ ਵਿਚ ਵੀ ਲਿਆ ਚੁੱਕੇ ਹਨ ਪਰ ਕੋਈ ਕੰਮ ਨਹੀਂ ਹੋ ਰਿਹਾ | ਇਸ ਮੌਕੇ ਚੇਅਰਮੈਨ ਕੁਲਦੀਪ ਸਿੰਘ ਵਿਰਕ, ਯੂਥ ਆਗੂ ਵਿਕਾਸ ਵਿਜ, ਸਾਹਿਬ ਸਿੰਘ ਪੱਤੂ ਸਾਬਕਾ ਕੌਂਸਲਰ, ਬਿੱਟੂ ਮਸੀਹ ਸਾਬਕਾ ਕੌਂਸਲਰ, ਡਾਕਟਰ ਗੋਰਾ ਮਸੀਹ, ਦਿਲਬਾਗ ਸਿੰਘ ਪੱਤੂ ਆੜ੍ਹਤੀ, ਹਰਪਾਲ ਸਿੰਘ ਪ੍ਰਧਾਨ, ਜ਼ੋਨ ਇੰਚਾਰਜ ਹਰਪਾਲ ਸਿੰਘ ਭੁੱਲਰ, ਗੁਰਜੰਟ ਸਿੰਘ ਕਾਦੀਵਿੰਡ, ਅੰਗਰੇਜ਼ ਸਿੰਘ ਪੱਤੂ, ਚਾਨਣ ਸਿੰਘ ਮਾਸਟਰ ਅਤੇ ਮੁਹੱਲਾ ਵਾਸੀ ਔਰਤਾਂ ਵੀ ਹਾਜ਼ਰ ਸਨ |