ਤਰਨ ਤਾਰਨ, 17 ਜੂਨ (ਹਰਿੰਦਰ ਸਿੰਘ)-ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ 420ਵਾਂ ਸਾਲਾ ਸ਼ਹੀਦੀ ਦਿਹਾੜਾ ਅੱਜ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਦਰਬਾਰ ਸਾਹਿਬ ਦੇ ਮੈਨੇਜ਼ਰ ਹਰਜਿੰਦਰ ਸਿੰਘ ਪੱਟੀ ਨੇ ਦੱਸਿਆ ਕਿ 16 ਜੂਨ ਨੂੰ ਆਰੰਭ ਹੋਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਵੀਰਵਾਰ ਦੀ ਸਵੇਰ ਨੂੰ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੇ ਦੀਵਾਨ ਹਾਲ ਵਿਖੇ ਪੈਣਗੇ। ਸ਼ਹੀਦੀ ਦਿਹਾੜੇ ਮੌਕੇ 8 ਵਜੇ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ, ਜੋ ਸੰਗਤੀ ਰੂਪ ਵਿਚ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸਵੇਰੇ 8 ਵਜੇ ਤੋਂ ਰਾਤ 10 ਵਜੇ ਤੱਕ ਮਹਾਨ ਸ਼ਹੀਦੀ ਸਮਾਗਮ ਸ੍ਰੀ ਦਰਬਾਰ ਸਾਹਿਬ ਮੰਜੀ ਸਾਹਿਬ ਹਾਲ ਵਿਖੇ ਹੋਵੇਗਾ, ਜਿਸ ਵਿਚ ਸ੍ਰੀ ਗੁਰੂ ਅਰਜਨ ਦੇਵ ਕੀਰਤਨੀ ਜਥਾ ਬੀਬੀਆਂ, ਬਾਬਾ ਬੁੱਢਾ ਸਾਹਿਬ ਕੀਰਤਨੀ ਜਥਾ ਬੀਬੀਆਂ, ਮਾਤਾ ਗੰਗਾ ਕੀਰਤਨੀ ਜਥਾ ਬੀਬੀਆਂ, ਭਾਈ ਲਵਦੀਪ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ, ਭਾਈ ਨਿਸ਼ਾਨ ਸਿੰਘ ਤਰਨ ਤਾਰਨ ਵਾਲੇ, ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਹੈਡ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ, ਭਾਈ ਗੁਰਪਾਲ ਸਿੰਘ ਰਬਾਬੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ, ਕਵੀਸ਼ਰੀ ਲਖਵਿੰਦਰ ਸਿੰਘ ਦਰਦੀ ਕਵੀਸ਼ਰੀ ਜਥਾ, ਭਾਈ ਹੀਰਾ ਸਿੰਘ ਕਥਾਵਾਚਕ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ, ਭਾਈ ਸੰਦੀਪ ਸਿੰਘ, ਮਨਦੀਪ ਸਿੰਘ, ਬੀਬੀ ਸੁਪ੍ਰੀਤ ਕੌਰ ਕੀਰਤਨੀ ਜਥਾ, ਭਾਈ ਸਤਪਾਲ ਸਿੰਘ ਐਮ.ਏ. ਢਾਡੀ ਜਥਾ, ਭਾਈ ਗੁਰਚਰਨ ਸਿੰਘ ਹੈਪੀ, ਭਾਈ ਅੰਮ੍ਰਿਤਪਾਲ ਸਿੰਘ ਢਪੱਈ ਕੀਰਤਨੀ ਜਥਾ, ਭਾਈ ਲਵਦੀਪ ਸਿੰਘ ਹਜੂਰੀ ਰਾਗੀ ਅੰਮ੍ਰਿਤਸਰ, ਭਾਈ ਦਵਿੰਦਰ ਸਿੰਘ ਗੋਇੰਦਵਾਲ ਸਾਹਿਬ ਵਾਲੇ, ਭਾਈ ਰਜਿੰਦਰ ਸਿੰਘ ਰਾਗੀ ਕੀਰਤਨੀ ਜਥਾ ਲੁਧਿਆਣੇ ਵਾਲਿਆਂ ਦਾ ਕੀਰਤਨੀ ਜਥਾ ਸੰਗਤਾਂ ਨੂੰ ਨਿਹਾਲ ਕਰੇਗਾ। ਉਨ੍ਹਾਂ ਕਿਹਾ ਕਿ ਸੰਗਤਾਂ ਵਲੋਂ ਸ਼ਹੀਦੀ ਦਿਹਾੜੇ ਦੇ ਸੰਬੰਧ ਵਿਚ ਸਮੁੱਚੇ ਨਗਰ ਵਿਚ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਲੰਗਰ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਲੰਗਰ ਹਾਲ ਵਿਖੇ ਗੁਰੂ ਕੇ ਲੰਗਰ ਅਤੁੱਟ ਵਰਤਣਗੇ।