ਤਰਨ ਤਾਰਨ, 23 ਜੂਨ (ਪਰਮਜੀਤ ਜੋਸ਼ੀ)— ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਕੱਚਾ ਪੱਕਾ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਸੱਟਾਂ ਮਾਰ ਕੇ ਗੰਭੀਰ ਜ਼ਖਮੀ ਕਰਨ ਦੇ ਮਾਮਲੇ ਵਿਚ ਚਾਰ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਕੱਚਾ ਪੱਕਾ ਵਿਖੇ ਗੁਰਜੰਟ ਸਿੰਘ ਪੁੱਤਰ ਪਵਿੱਤਰ ਸਿੰਘ ਵਾਸੀ ਲਖਣਾ ਤਪਾ ਨੇ ਸ਼ਿਕਾਇਤ ਦਰਜ ਕਰਵਾਈ ਕਿ 11 ਜੂਨ ਨੂੰ ਉਹ ਅੱਡਾ ਬਾਠ ਵਿਖੇ ਘਰੇਲੂ ਸਮਾਨ ਲੈਣ ਲਈ ਬੇਕਰੀ ਦੀ ਦੁਕਾਨ ’ਤੇ ਖੜਾ ਸੀ ਤਾਂ ਉਸ ਸਮੇਂ ਲਵਪ੍ਰੀਤ ਸਿੰਘ ਪੁੱਤਰ ਗੁਰਦੇਵ ਸਿੰਘ, ਜਸ਼ਨਪ੍ਰੀਤ ਸਿੰਘ ਪੁੱਤਰ ਗੁਰਦੇਵ ਸਿੰਘ, ਕਰਨਬੀਰ ਸਿੰਘ ਪੁੱਤਰ ਬਲਬੀਰ ਸਿੰਘ ਵਾਸੀਅਨ ਲਖਣਾ, ਸੁਖਰਾਜ ਸਿੰਘ ਵਾਸੀਅਨ ਭਿੱਖਈਵਿੰਡ ਨੇ ਆਪਣੇ-ਆਪਣੇ ਹਥਿਆਰਾਂ ਸਮਂੇ ਉਸ ਨੂੰ ਸੱਟਾਂ ਮਾਰ ਕੇ ਜ਼ਖਮੀ ਕਰ ਦਿੱਤਾ ਅਤੇ ਮੌਕਾ ਤੋੋਂ ਹਥਿਆਰਾਂ ਸਮੇਤ ਦੌੜ ਗਏ। ਉਹ ਇਲਾਜ ਲਈ ਸਿਵਲ ਹਸਪਤਾਲ ਪੱਟੀ ਵਿਖੇ ਦਾਖਲ ਰਿਹਾ। ਵਜਾ ਰੰਜਿਸ ਇਹ ਸੀ ਕਿ ਉਹ ਲਵਪ੍ਰੀਤ ਸਿੰਘ ਦੀ ਪਤਨੀ ਰੋਜੀ ਨਾਲ ਲਿਵਿੰਗ ਰਿਲੈਸ਼ਨ ਵਿਚ ਰਹਿ ਰਿਹਾ ਸੀ। ਜਾਂਚ ਅਧਿਕਾਰੀ ਏ.ਐੱਸ.ਆਈ. ਸਤਨਾਮ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।