ਭਿੱਖੀਵਿੰਡ, 23 ਜੂਨ (ਬੌਬੀ)-ਨਗਰ ਪੰਚਾਇਤ ਭਿੱਖੀਵਿੰਡ ਦੀਆਂ ਹੋਈਆਂ ਚੋਣਾਂ ਵਿਚ ਜਿੱਥੇ ਆਮ ਆਦਮੀ ਪਾਰਟੀ ਨੇ ਬਹੁਮਤ ਪ੍ਰਾਪਤ ਕੀਤਾ ਸੀ, ਉਥੇ ਅੱਜ ਨਗਰ ਪੰਚਾਇਤ ਭਿੱਖੀਵਿੰਡ ਦੇ ਨਵੇਂ ਪ੍ਰਧਾਨ ਦੀ ਚੋਣ ਕੀਤੀ ਗਈ, ਜਿਸ ਵਿਚ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਸੁਖਦੇਵ ਸਿੰਘ ਨੂੰ ਨਗਰ ਪੰਚਾਇਤ ਭਿੱਖੀਵਿੰਡ ਦਾ ਪ੍ਰਧਾਨ ਚੁਣਿਆ ਗਿਆ, ਜਦਕਿ ਵਿਨੈ ਮਲਹੋਤਰਾ ਨੂੰ ਸੀਨੀਅਰ ਵਾਈਸ ਪ੍ਰਧਾਨ ਅਤੇ ਹਰਪਾਲ ਸਿੰਘ ਨੂੰ ਵਾਈਸ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪਹਿਲਾਂ ਤਾਂ ਬੜੇ ਹੀ ਵਧੀਆ ਤਰੀਕੇ ਨਾਲ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਅਤੇ ਨਗਰ ਪੰਚਾਇਤ ਭਿੱਖੀਵਿੰਡ ਦੀਆਂ ਚੋਣਾਂ ਵਧੀਆ ਤਰੀਕੇ ਨਾਲ ਕਰਵਾਈਆਂ ਅਤੇ ਉਸ ਤੋਂ ਬਾਅਦ ਹੁਣ ਨਗਰ ਪੰਚਾਇਤ ਦੀ ਭਿੱਖੀਵਿੰਡ ਦਾ ਪ੍ਰਧਾਨ ਇਕ ਨੌਜਵਾਨ ਨੂੰ ਚੁਣਿਆ ਗਿਆ ਹੈ, ਜੋ ਆਉਣ ਵਾਲੇ ਦਿਨਾਂ ਵਿਚ ਭਿੱਖੀਵਿੰਡ ਵਿਚ ਵਧੀਆ ਕੰਮ ਕਰੇਗਾ ਅਤੇ ਭਿੱਖੀਵਿੰਡ ਦੀ ਨੁਹਾਰ ਬਦਲੇਗਾ। ਉਨ੍ਹਾਂ ਕਿਹਾ ਕਿ ਭਿੱਖੀਵਿੰਡ ਦੇ ਵਿਕਾਸ ਕੰਮਾਂ ਲਈ ਫੰਡਾਂ ਦੀ ਪਹਿਲਾਂ ਵੀ ਕਦੀ ਕੋਈ ਕਮੀ ਨਹੀਂ ਆਉਣ ਦਿੱਤੀ ਗਈ ਤੇ ਆਉਣ ਵਾਲੇ ਸਮੇਂ ਵਿਚ ਵੀ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਗੱਲਬਾਤ ਕਰਦਿਆਂ ਨਵ ਨਿਯੁਕਤ ਪ੍ਰਧਾਨ ਸੁਖਦੇਵ ਸਿੰਘ ਨੇ ਕਿਹਾ ਕਿ ਭਿੱਖੀਵਿੰਡ ਦੇ ਪ੍ਰਧਾਨ ਚੁਣੇ ਜਾਣ ’ਤੇ ਉਹ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ, ਜਿਨਾਂ ਨੇ ਉਨ੍ਹਾਂ ਨੂੰ ਇਹ ਵੱਡੀ ਜਿੰਮੇਵਾਰੀ ਸੌਂਪੀ। ਉਨ੍ਹਾਂ ਯਕੀਨ ਦਿਵਾਇਆ ਕਿ ਮੈਂ ਇਸ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗਾ। ਇਸ ਮੌਕੇ ਗੱਲਬਾਤ ਕਰਦਿਆਂ ਸੀਨੀਅਰ ਮੀਤ ਪ੍ਰਧਾਨ ਵਿਨੈ ਮਲਹੋਤਰਾ ਨੇ ਕਿਹਾ ਕਿ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਵਲੋਂ ਦਿੱਤੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਂਦਿਆਂ ਨਗਰ ਪੰਚਾਇਤ ਭਿੱਖੀਵਿੰਡ ਦੇ ਕੰਮਾਂ ਨੂੰ ਵਧੀਆ ਤਰੀਕੇ ਨਾਲ ਚਲਾਇਆ ਜਾਵੇਗਾ ਤੇ ਭਿੱਖੀਵਿੰਡ ਦੇ ਲੋਕਾਂ ਨੂੰ ਸਾਫ ਸੁਥਰਾ ਅਤੇ ਵਧੀਆ ਮਾਹੌਲ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵੇਲੇ ਭਿੱਖੀਵਿੰਡ ਅੱਡੇ ਦੇ ਲੋਕ ਖਾਸ ਕਰਕੇ ਹਲਕਾ ਵਿਧਾਇਕ ਸਰਵਣ ਸਿੰਘ ਧੁੰਨ ਦੀ ਅਗਵਾਈ ਹੇਠ ਪੂਰੀ ਤਰ੍ਹਾਂ ਆਮ ਆਦਮੀ ਪਾਰਟੀ ਦੇ ਨਾਲ ਹਨ ਅਤੇ ਆਉਣ ਵਾਲੀਆਂ ਚੋਣਾਂ ਵਿਚ ਭਿੱਖੀਵਿੰਡ ਵਿਚੋਂ ਆਮ ਆਦਮੀ ਪਾਰਟੀ ਵੋਟਾਂ ਦੇ ਵੱਡੇ ਅੰਤਰ ਨਾਲ ਜਿੱਤ ਪ੍ਰਾਪਤ ਕਰੇਗੀ।