ਤਰਨ ਤਾਰਨ, 14 ਜੁਲਾਈ (ਹਰਿੰਦਰ ਸਿੰਘ)—ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਕਸਬਾ ਖਡੂਰ ਸਾਹਿਬ ਦੇ ਪਿੰਡ ਕੱਲ੍ਹਾ ਦੇ ਨਿਵਾਸੀ ਪਿੰਡ ਵਿਚ ਵਿਕਾਸ ਕਾਰਜ ਨਾ ਹੋਣ ਕਾਰਨ ਬਹੁਤ ਪ੍ਰੇਸ਼ਾਨ ਹਨ ਕਿਉਂਕਿ ਗਲੀਆਂ ਵਿਚ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਗੰਦਾ ਪਾਣੀ ਗਲੀਆਂ ਵਿਚ ਖੜਾ ਹੈ, ਜਿਸ ਕਾਰਨ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ ਅਤੇ ਵਿਕਾਸ ਦੇ ਕਾਰਜ ਵੀ ਨਾ ਦੇ ਬਰਾਬਰ ਹਨ। ਇਸ ਸੰਬੰਧੀ ਸਤਨਾਮ ਸਿੰਘ ਪ੍ਰਧਾਨ ਕਿਸਾਨ ਸੰਘਰਸ਼ ਕਮੇਟੀ ਪੰਜਾਬ ਪਿੰਡ ਕੱਲ੍ਹਾ, ਅੰਗਰੇਜ ਸਿੰਘ, ਸੁਖਚੈਨ ਸਿੰਘ, ਸਵਿੰਦਰ ਸਿੰਘ, ਨਿਸ਼ਾਨ ਸਿੰਘ, ਦਿਲਬਾਗ ਸਿੰਘ, ਸੁਖਦੇਵ ਸਿੰਘ, ਹੀਰਾ ਸਿੰਘ ਆਦਿ ਨੇ ਡੀ.ਡੀ.ਪੀ.ਓ. ਤਰਨ ਤਾਰਨ ਨੂੰ ਪੱਤਰ ਲਿਖ ਕੇ ਦੱਸਿਆ ਕਿ ਪਿੰਡ ਕੱਲ੍ਹਾ ਵਿਚ ਸਿਆਸੀ ਪਾਰਟੀਆਂ ਦੀ ਆਪਸੀ ਈਰਖਾਬਾਜ਼ੀ ਚੱਲ ਰਹੀ ਹੈ, ਜਿਸ ਦੀ ਭੇਟ ਸਾਰਾ ਪਿੰਡ ਚੜਿਆ ਹੋਇਆ ਹੈ ਅਤੇ ਪਿੰਡ ਦਾ ਸਮੁੱੱਚਾ ਵਿਕਾਸ ਰੁਕਿਆ ਪਿਆ ਹੈ। ਉਨ੍ਹਾਂ ਕਿਹਾ ਕਿ ਪਿੰਡ ਦਾ ਛੱਪੜ ਹੈ, ਜਿਸ ਦੇ ਪਾਣੀ ਦਾ ਕੋਈ ਨਿਕਾਸ ਨਾ ਹੋਣ ਕਰਕੇ ਗੰਦਾ ਪਾਣੀ ਪਿੰਡ ਦੀਆਂ ਗਲੀਆਂ, ਨਾਲੀਆਂ ਵਿਚ ਫਿਰ ਰਿਹਾ ਹੈ, ਜਿਸ ਕਾਰਨ ਲੋਕਾਂ ਦਾ ਲੰਘਣਾ ਮੁਸ਼ਕਿਲ ਹੋਇਾ ਪਿਆ ਹੈ। ਉਨ੍ਹਾਂ ਕਿਹਾ ਕਿ ਜੋ ਗਲੀ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਗੁਰਦੁਆਰਾ ਸਾਹਿਬ ਨੂੰ ਜਾਂਦੀ ਹੈ, ਉਸ ਵੀ ਗੰਦਾ ਪਾਣੀ ਖੜਾ ਹੈ, ਜਿਸ ਕਾਰਨ ਸੰਗਤਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਕਤ ਆਗੂਆਂ ਦੱਸਿਆ ਕਿ ਇਸ ਸੰਬੰਧੀ ਅਸੀਂ ਪਹਿਲਾਂ ਇਕ ਦਰਖਾਸਤ ਬੀ.ਡੀ.ਪੀ.ਓ. ਖਡੂਰ ਸਾਹਿਬ ਨੂੰ ਦੇ ਚੁੱਕੇ ਹਾਂ ਪਰ ਕੋਈ ਮਸਲਾ ਹੱਲ ਨਹੀਂ ਹੋ ਸਕਿਆ। ਉਨ੍ਹਾਂ ਮੰਗ ਕੀਤੀ ਕਿ ਪਿੰਡ ਕੱਲ੍ਹਾ ਵਿਚ ਵਿਕਾਸ ਕਾਰਜ ਕਰਵਾਏ ਜਾਣ ਅਤੇ ਗੰਦੇ ਪਾਣੀ ਦਾ ਨਿਕਾਸ ਕਰਵਾਇਆ ਜਾਵੇ ਤਾਂ ਜੋ ਪਿੰਡ ਵਾਸੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਰਾਹਤ ਮਿਲ ਸਕੇ।