08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਮੋਦੀ ਅਤੇ ਭਗਵੰਤ ਮਾਨ ਦਾ ਘੁਮੰਡ ਤੋੜਣ ਲਈ ਸੰਯੁਕਤ ਕਿਸਾਨ ਮੋਰਚਾ ਤਿੱਖੇ ਸੰਘਰਸ਼ਾਂ ਦੀ ਕਰੇਗਾ ਲਾਮਬੰਦੀ

ਅਜੀਤ ਡੈਸਕ 17-07-2026
ਨੌਸ਼ਹਿਰਾ ਪੰਨੂੰਆਂ, 16 ਜੁਲਾਈ (ਦੀਪਕ ਮੈਣੀ)- ਸੇਰੋਂ ਖੰਡ ਮਿੱਲ ਮੁੜ ਚਾਲੂ ਕਰਨ ਅਤੇ ਮਿੱਲ ਦੀ ਜ਼ਮੀਨ ਦੀ ਮਾਲਕੀ ਤਬਦੀਲ ਕਰਨ ਦੇ ਖਿਲਾਫ਼ ਸੰਯੁਕਤ ਕਿਸਾਨ ਮੋਰਚੇ ਵਲੋਂ ਲਗਾਏ ਪੱਕੇ ਮੋਰਚੇ ਦੇ 57ਵੇਂ ਦਿਨ ਵੀਰਵਾਰ ਨੂੰ ਕਿਸਾਨ ਜਥੇਬੰਦੀਆਂ ਦੇ ਆਗੂਆਂ ਹਰਜਿੰਦਰ ਸਿੰਘ ਟਾਂਡਾ, ਮਨਜੀਤ ਸਿੰਘ ਬੱਗੂ, ਤਰਸੇਮ ਸਿੰਘ ਲੁਹਾਰ, ਡਾ. ਇੰਦਰਜੀਤ ਸਿੰਘ ਮਰਹਾਣਾ, ਗੁਰਪ੍ਰੀਤ ਸਿੰਘ ਗੰਡੀਵਿੰਡ, ਰੇਸ਼ਮ ਸਿੰਘ ਫੈਲੋਕੇ ਆਦਿ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਸਿਰੇ ਦੇ ਘਮੰਡੀ ਹਾਕਮ ਹਨ , ਜਿੰਨਾਂ ਦਾ ਘੁਮੰਡ ਤੋੜਣ ਲਈ ਸੰਯੁਕਤ ਕਿਸਾਨ ਮੋਰਚਾ ਤਿੱਖੇ ਸੰਘਰਸ਼ਾਂ ਦੀ ਲਾਮਬੰਦੀ ਕਰੇਗਾ। ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਵਲੋਂ ਅਮਰੀਕਾ ਦੇ ਦਬਾਅ ਹੇਠ ਕੀਤੇ ਮੁਕਤ ਵਪਾਰ ਸਮਝੌਤੇ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ 22 ਜੁਲਾਈ ਦੇ ਐਕਸ਼ਨ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੀਆਂ ਸਾਰੀਆਂ ਧਿਰਾਂ ਨੂੰ ਸਥਾਨਕ ਜ਼ਿਲ੍ਹੇ ਅਧੀਨ ਪੈਂਦੇ ਤਿੰਨੇ ਟੋਲ ਪਲਾਜ਼ੇ ਸੇਰੋਂ, ਮੰਨਣ, ਭੱਗੂਪੁਰ ਦੁਪਿਹਰ 12 ਵਜੇ ਤੋਂ 3 ਵਜੇ ਤੱਕ ਟੋਲ ਮੁਕਤ ਕਰਨ ਅਤੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦੀ ਰਿਹਾਇਸ਼ ’ਤੇ ਰੋਸ ਧਰਨਾ ਦੇਣ ਲਈ ਵਹੀਰਾਂ ਘੱਤ ਕੇ ਪਹੁੰਚਣ ਲਈ ਜ਼ੋਰਦਾਰ ਤਿਆਰੀਆਂ ਕਰਨ ਦਾ ਸੱਦਾ ਦਿੱਤਾ। ਕਿਸਾਨ ਆਗੂਆਂ ਨੇ ਜ਼ਿਲ੍ਹੇ ਨਾਲ ਸੰਬੰਧਿਤ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਖੰਡ ਮਿੱਲ ਮੁੜ ਚਾਲੂ ਕਰਨ ਦੇ ਮਾਮਲੇ ਤੇ ਵੱਟੀ ਚੁੱਪ ਦਾ ਗੰਭੀਰ ਨੋਟਿਸ ਲੈਂਦਿਆਂ ਪਿੰਡਾਂ ਦੇ ਲੋਕਾਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਸਮੇਂ ਖੰਡ ਮਿੱਲ ਨੂੰ ਮੁੜ ਚਾਲੂ ਕਰਨ ਦੇ ਵਾਅਦੇ ਤੋਂ ਮੁਕਰਨ ਅਤੇ ਧੋਖੇ ਨਾਲ ਖੰਡ ਮਿੱਲ ਦੀ ਜ਼ਮੀਨ ਦੀ ਮਾਲਕੀ ਚੁੱਪ ਚੁਪੀਤੇ ਤਬਦੀਲ ਕਰਨ ਬਾਰੇ ਸਵਾਲ ਖੜੇ ਕਰਨ ਬਾਰੇ ਵੱਡੇ ਪੱਧਰ ’ਤੇ ਵਿਉਂਤਬੰਦੀ ਕਰਨ ਲਈ ਪਿੰਡਾਂ ਵਿਚ ਮੀਟਿੰਗਾਂ ਕਰਨ ਦਾ ਵੀ ਸੱਦਾ ਦਿੱਤਾ। ਇਸ ਮੌਕੇ ਕਿਸਾਨ ਆਗੂਆਂ ਚਰਨ ਸਿੰਘ ਬੇਗਮਪੁਰਾ, ਪਾਲ ਸਿੰਘ ਬੇਗਮਪੁਰਾ, ਬਖਸ਼ੀਸ਼ ਸਿੰਘ ਬੇਗਮਪੁਰਾ, ਨਿਰੰਜਣ ਸਿੰਘ ਕੋਟ ਮੁਹੰਮਦ ਖਾਂ, ਮਹੀਪਾਲ ਸਿੰਘ ਠੱਠੀਆਂ ਮਹੰਤਾਂ ਆਦਿ ਨੇ ਹਾਕਮਾਂ ਨੂੰ ਲੋਕ ਮਾਰੂ ਨੀਤੀਆਂ ਤੁਰੰਤ ਬੰਦ ਕਰਨ ਲਈ ਲਲਕਾਰਿਆ ਅਤੇ 22 ਜੁਲਾਈ ਦੇ ਐਕਸ਼ਨ ਨੂੰ ਕਾਮਯਾਬ ਕਰਨ ਦਾ ਅਹਿਦ ਲਿਆ।
ਪਿਛਲੀ ਖ਼ਬਰ ਭਾਈ ਪ੍ਰੇਮੀ ਤੇ ਬਾਬਾ ਸ਼ਾਹ ਹੁਸੈਨ ਦਾ ਜੋੜ ਮੇਲਾ ਸ਼ਰਧਾ ਭਾਵਨਾ ਨਾਲ ਮਨਾਇਆ ਅਗਲੀ ਖ਼ਬਰ ਐਸ.ਸੀ. ਉਮੀਦਵਾਰਾਂ ਲਈ ਮੁਫ਼ਤ ਡੇਅਰੀ ਸਿਖਲਾਈ ਕੋਰਸ 3 ਅਗਸਤ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।