15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

10 ਸਾਲਾਂ ’ਚ ਤਿੰਨ ਥਾਵਾਂ ’ਤੇ ਬਦਲਿਆ ਖਡੂਰ ਸਾਹਿਬ ਦਾ ਖੇਡ ਸਟੇਡੀਅਮ

ਅਜੀਤ ਡੈਸਕ 22-07-2026
ਖਡੂਰ ਸਾਹਿਬ, 21 ਜੁਲਾਈ (ਰਸ਼ਪਾਲ ਸਿੰਘ ਕੁਲਾਰ)- ਸਥਾਨਕ ਨਗਰ ਦੀ ਬੁਕਲ ਵਿਚ ਬਣਾਇਆ ਗਿਆ ਸ੍ਰੀ ਗੁਰੂ ਅੰਗਦ ਦੇਵ ਖੇਡ ਸਟੇਡੀਅਮ ਖਡੂਰ ਸਾਹਿਬ, ਜਿਸ ਉਪਰ ਸਮੇਂ ਸਮੇਂ ਦੀਆਂ ਸਰਕਾਰਾਂ ਵਲੋਂ ਕਰੋੜਾਂ ਰੁਪਏ ਖਰਚ ਕਰਕੇ ਇਕ ਬਹੁਤ ਵਧੀਆ ਸਟੇਡੀਅਮ ਤਿਆਰ ਕੀਤਾ ਗਿਆ ਅਤੇ ਨਾਲ ਹੀ ਇਕ ਇਨਡੋਰ ਸਟੇਡੀਅਮ ਵੀ ਤਿਆਰ ਕੀਤਾ ਗਿਆ। ਖੇਡ ਸਟੇਡੀਅਮ ਵਿਚ ਬਹੁਤ ਵਾਰ ਖੇਡ ਮੇਲੇ ਕਰਵਾਏ ਗਏ ਅਤੇ ਨਗਰ ਦੇ ਲੋਕ ਸਵੇਰ ਸ਼ਾਮ ਨੂੰ ਸਿਹਤ ਦੀ ਤੰਦਰੁਸਤੀ ਲਈ ਸੈਰ ਅਤੇ ਯੋਗਾ ਕਰਦੇ ਅਤੇ ਨੌਜਵਾਨ ਖੇਡਾਂ ਦੀ ਪਰੈਕਟਸ ਕਰਦੇ, ਪਰ ਇਹ ਸਿਲਸਿਲਾ ਬਹੁਤਾ ਚਿਰ ਨਾ ਚੱਲਿਆ ਅਤੇ ਕਾਰ ਸੇਵਾ ਡੇਰਾ ਖਡੂਰ ਸਾਹਿਬ ਵਲੋਂ ਡੇਰੇ ਨਾਲ ਲੱਗਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਡੂਰ ਸਾਹਿਬ ਦੀ ਜ਼ਮੀਨ ਹਾਾਸਿਲ ਕਰਨ ਲਈ ਅਤੇ ਸਕੂਲ ਨੂੰ ਪੰਚਾਇਤ ਦੀ ਜ਼ਮੀਨ ’ਚ ਬਣੇ ਖੇਡ ਸਟੇਡੀਅਮ ’ਚ ਤਬਦੀਲ ਕਰਨ ਲਈ ਮੌਕੇ ਦੀ ਪੰਚਾਇਤ ਕੋਲੋਂ ਮਤਾ ਪਾਸ ਕਰਵਾ ਲਿਆ ਅਤੇ ਨਾਲ ਹੀ ਸ੍ਰੀ ਗੁਰੂ ਅੰਗਦ ਦੇਵ ਖੇਡ ਸਟੇਡੀਅਮ ਨੂੰ ਕਿਸੇ ਹੋਰ ਜਗ੍ਹਾ ਤਬਦੀਲ ਕਰਨ ਦਾ ਮਤਾ ਪਾਸ ਕਰ ਦਿੱਤਾ ਗਿਆ । ਜੋ ਨਗਰ ਦੀ ਉਸ ਸਮੇਂ ਬਣੀ ਪੰਚਾਇਤ ਦੀ ਅਣਗਹਿਲੀ ਨੂੰ ਦਰਸਾਉਂਦਾ ਹੈ, ਜਦੋਂ ਕਿ ਸਰਕਾਰੀ ਸਕੂਲ ਅਤੇ ਖੇਡ ਸਟੇਡੀਅਮ ਦੀ ਜਗ੍ਹਾ ਬਾਜ਼ਾਰ ਵਿਚ ਹੋਣ ਕਰਕੇ ਕਮਰਸੀਅਲ ਭਾਅ ਦੀ ਸੀ ਅਤੇ ਕਰੋੜਾਂ ਰੁਪਏ ਦੀ ਜਗ੍ਹਾ ਨੂੰ ਸਮੇਂ ਦੀ ਪੰਚਾਇਤ ਨੇ ਬਿਨਾ ਕੁਝ ਸੋਚੇ ਸਮਝੇ ਜੀ ਹਜ਼ੂਰੀ ਕਰਦੇ ਹੋਏ ਇਕ ਵਾਰ ਵੀ ਸ਼ਾਇਦ ਇਸ ਗੱਲ ਨੂੰ ਤਵੱਜੋਂ ਨਹੀਂ ਦਿੱਤੀ ਕਿ ਜੋ ਸਟੇਡੀਅਮ ਬਿਲਕੁਲ ਨਗਰ ਦੀ ਬੁੱਕਲ ਵਿਚ ਸੀ, ਜਿਸ ਦਾ ਨਗਰ ਦੀ ਜਨਤਾ ਨੂੰ ਵੱਡਾ ਲਾਭ ਸੀ ਅਤੇ ਲੋਕ ਸਵੇਰ ਸ਼ਾਮ ਸੈਰ ਅਤੇ ਯੋਗਾ ਕਰਦੇ ਸਨ, ਉਹ ਹੁਣ ਕਿੱਥੇ ਜਾਣਗੇ। ਉਕਤ ਸਟੇਡੀਅਮ ਲਈ ਨਾਗੋਕੇ ਰੋਡ ਪੈਟਰੋਲ ਪੰਪ ਦੇ ਨਜ਼ਦੀਕ ਕੁਝ ਏਕੜ ਜਗ੍ਹਾ ਸਟੇਡੀਅਮ ਵਾਸਤੇ ਕਾਰ ਸੇਵਾ ਡੇਰੇ ਨੇ ਸਕੂਲ ਦੀ ਜਗ੍ਹਾ ਬਦਲੇ ਦੇ ਦਿੱਤੀ । ਕਈ ਸਾਲ ਉਕਤ ਜ਼ਮੀਨ ਉਪਰ ਸਟੇਡੀਅਮ ਬਣਾਉਣ ਦੀਆਂ ਸਕੀਮਾਂ ਚੱਲਦੀਆਂ ਰਹੀਆਂ ਅਤੇ ਕੁਝ ਨੌਜਵਾਨ ਕ੍ਰਿਕਟ ਵਗੈਰਾ ਉਕਤ ਜਗ੍ਹਾ ਵਿਚ ਖੇਡਦੇ ਰਹੇ। ਪਰ ਪੂਰਨ ਤੌਰ ’ਤੇ ਸਟੇਡੀਅਮ ਨਾ ਬਣਿਆ ਅਤੇ ਬਾਅਦ ਵਿਚ ਗੱਲ ਬਾਹਰ ਨਿਕਲ ਕੇ ਆਈ ਕਿ ਉਕਤ ਜ਼ਮੀਨ ਸਟੇਡੀਅਮ ਲਈ ਥੋੜੀ ਹੈ, ਸਟੇਡੀਅਮ ਦੀ ਕਿਸਮਤ ਮਾੜੀ ਕਿ ਓਨਾ ਚਿਰ ਨੂੰ ਫਿਰ ਡੇਰੇ ਨੇ ਸੋਚਿਆ ਕਿ ਮੇਨ ਰੋਡ ਉਪਰ ਜਗ੍ਹਾ ਹੈ ਕਿਉਂਕਿ ਨਾ ਇਥੇ ਆਪਣਾ ਇਕ ਹੋਰ ਸਕੂਲ ਖੋਲ੍ਹਿਆ ਜਾਵੇ ਤਾਂ ਫਿਰ ਰਾਤੋਂ ਦਿਨ ਨਹੀਂ ਚੜ੍ਹਿਆ ਤੇ ਡੇਰੇ ਨੇ ਸਟੇਡੀਅਮ ਫਿਰ ਉਥੋਂ ਚੁੱਕਿਆ ਤੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਅੰਗੀਠਾ ਸਾਹਿਬ ਦੀ ਜ਼ਮੀਨ ਗੋਇੰਦਵਾਲ ਸਾਹਿਬ ਰੋਡ ਉਪਰ ਜਾ ਸੁੱਟਿਆ ਅਤੇ ਆਪ ਨਾਗੋਕੇ ਰੋਡ ਸਟੇਡੀਅਮ ਵਾਲੀ ਜ਼ਮੀਨ ਵਿਚ ਪ੍ਰਾਈਵੇਟ ਸਕੂਲ ਬਣਾਉਣਾ ਸ਼ੁਰੂ ਕਰ ਦਿੱਤਾ। ਜਦੋਂ ਕਿ ਹੁਣ ਦਿੱਤੀ ਸਟੇਡੀਅਮ ਲਈ ਜਗ੍ਹਾ ਨਗਰ ਤੋਂ ਕਾਫੀ ਦੂਰ ਅਤੇ ਸੁੰਨਸਾਨ ਹੋਣ ਕਰਕੇ ਡਰਦੇ ਹੋਏ ਲੋਕ ਸਵੇਰ ਸ਼ਾਮ ਦੀ ਸੈਰ ਨੂੰ ਸੜਕਾਂ ਉੱਪਰ ਕਰਨਾ ਹੀ ਸਹੀ ਸਮਝ ਰਹੇ ਹਨ। ਇਸ ਸਬੰਧੀ ਨਗਰ ਦੇ ਕੁਝ ਲੋਕਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਉੱਪਰ ਦੱਸਿਆ ਕਿ ਪਿਛਲੇ ਕੁਝ ਸਾਲਾਂ ਵਿਚ ਹੀ ਤਿੰਨ ਵਾਰ ਸਟੇਡੀਅਮ ਦੀ ਜਗ੍ਹਾ ਬਦਲ ਦਿੱਤੀ ਗਈ ਹੈ। ਜਦੋਂ ਕਿ ਪਹਿਲਾ ਸਟੇਡੀਅਮ ਬਹੁਤ ਸੁੰਦਰ ਅਤੇ ਖੁੱਲ੍ਹੀ ਜਗ੍ਹਾ ਵਿਚ ਬਿਲਕੁਲ ਪਿੰਡ ਨਾਲ ਲਗਦਾ ਸੀ। ਉਨ੍ਹਾਂ ਦੱਸਿਆ ਕਿ ਡੇਰੇ ਨਾਲ ਲਗਦੀ ਜਗ੍ਹਾ ਕਬਜ਼ਾ ਕਰਨ ਲਈ ਪਹਿਲਾਂ ਤਬਾਦਲੇ ਦੀ ਵਿਉਂਤਬੰਦੀ ਕੀਤੀ ਅਤੇ ਪੰਚਾਇਤ ਨੂੰ ਸਕੂਲ ਖੇਡ ਸਟੇਡੀਅਮ ਵਿਚ ਤਬਦੀਲ ਕਰਨ ਲਈ ਰਾਜ਼ੀ ਕਰ ਲਿਆ ਅਤੇ ਸਕੂਲ ਵਾਲੀ ਜਗ੍ਹਾ ਬਦਲੇ ਸਟੇਡੀਅਮ ਬਣਾਉਣ ਲਈ ਜਗ੍ਹਾ ਦੇਣ ਦਾ ਵਾਅਦਾ ਕੀਤਾ । ਜਦੋਂ ਕਿ ਖੇਡ ਸਟੇਡੀਅਮ ਲਈ ਦਿੱਤੀ ਜਗ੍ਹਾ ਉਪਰ ਫਿਰ ਕਬਜ਼ਾ ਕਰ ਕੇ ਆਪਣਾ ਪ੍ਰਾਈਵੇਟ ਸਕੂਲ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਖੇਡ ਸਟੇਡੀਅਮ ਗੁਰਦੁਆਰਾ ਸਾਹਿਬ ਦੀ ਜ਼ਮੀਨ ’ਚ ਤਬਦੀਲ ਕਰ ਦਿੱਤਾ ਹੈ ਜੋ ਅਜੇ ਤੱਕ ਬਣਾਇਆ ਨਹੀਂ ਗਿਆ , ਸਗੋਂ ਪੰਚਾਇਤ ਦੀ ਜ਼ਮੀਨ ਵੀ ਗਈ ਅਤੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਵੀ ਗਈ ਤੇ ਘੁੰਮ ਘੁੰਮਾ ਕੇ ਸਰਕਾਰੀ ਸਕੂਲ ਦੀ ਜਗ੍ਹਾ ਬਦਲੇ ਫਿਲਹਾਲ ਡੇਰੇ ਵਲੋਂ ਕੁਝ ਵੀ ਦਿੱਤਾ ਦਿਖਾਈ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਖਡੂਰ ਸਾਹਿਬ ਅੱਠ ਗੁਰੂ ਸਹਿਬਾਨ ਦੀ ਚਰਨਛੋਹ ਧਰਤੀ ਹੈ, ਜਿੱਥੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਤ ਕਰਨ ਲਈ ਮੱਲ ਅਖਾੜੇ ਦੀ ਰਚਨਾ ਕੀਤੀ ਹੈ, ਪਰ ਡੇਰੇ ਵਲੋਂ ਵਾਰ ਵਾਰ ਆਪਣੇ ਸੁਆਰਥ ਲਈ ਖੇਡ ਸਟੇਡੀਅਮ ਨੂੰ ਬਦਲਿਆ ਜਾ ਰਿਹਾ ਹੈ, ਜੋ ਸੋਭਾ ਨਹੀਂ ਦਿੰਦਾ ਅਤੇ ਪਿਛਲੇ ਦਸ ਸਾਲਾਂ ਤੋਂ ਖੇਡ ਪ੍ਰੇਮੀ ਸਟੇਡੀਅਮ ਨੂੰ ਤਰਸ ਰਹੇ ਹਨ, ਆਮ ਲੋਕਾਂ ਨੇ ਮੰਗ ਕੀਤੀ ਕਿ ਸਟੇਡੀਅਮ ਨੂੰ ਪਿੰਡ ਦੇ ਨਜ਼ਦੀਕ ਬਣਾਇਆ ਜਾਵੇ ਤਾਂ ਜੋ ਖੇਡ ਪ੍ਰੇਮੀ ਖੇਡਾਂ ਦਾ ਅਨੰਦ ਮਾਣ ਸਕਣ।
ਪਿਛਲੀ ਖ਼ਬਰ ਸੰਤ ਬਾਬਾ ਸੁੱਖਾ ਸਿੰਘ ਦਾ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਟਾਰਨੇਟ ਵਿਖੇ ਸਨਮਾਨ ਅਗਲੀ ਖ਼ਬਰ ਭਾਰਤ-ਅਮਰੀਕਾ ਵਪਾਰ ਸੰਧੀ ਵਿਰੁੱਧ ਅੱਜ ਟੋਲ ਪਲਾਜ਼ੇ ਟੋਲ ਮੁਕਤ ਕੀਤੇ ਜਾਣਗੇ- ਸੰਯੁਕਤ ਕਿਸਾਨ ਮੋਰਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।