03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਡਿਪਟੀ ਕਮਿਸ਼ਨਰ ਵਲੋਂ ਸਫ਼ਾਈ ਸੇਵਾਵਾਂ ਲਈ ਬਦਲਵੇਂ ਪ੍ਰਬੰਧਾਂ ਦੇ ਹੁਕਮ ਜਾਰੀ

ਅਜੀਤ ਡੈਸਕ 23-07-2026
ਤਰਨ ਤਾਰਨ, 22 ਜੁਲਾਈ (ਹਰਿੰਦਰ ਸਿੰਘ)-ਸਫ਼ਾਈ ਕਰਮਚਾਰੀਆਂ ਵਲੋਂ ਬੀਤੀ 8 ਜੁਲਾਈ ਤੋਂ ਜ਼ਿਲ੍ਹਾ ਤਰਨ ਤਾਰਨ ਦੀਆਂ ਕਈ ਸ਼ਹਿਰੀ ਸਥਾਨਕ ਸੰਸਥਾਵਾਂ ਵਿਚ ਸਫ਼ਾਈ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਜਿਸ ਦੇ ਨਤੀਜੇ ਵਜੋਂ ਜ਼ਿਲ੍ਹੇ ਦੇ ਕਸਬਿਆਂ ਵਿਚੋਂ ਕੂੜਾ ਨਹੀਂ ਚੁੱਕਿਆ ਜਾ ਰਿਹਾ ਅਤੇ ਨਾ ਹੀ ਨਿਪਟਾਇਆ ਜਾ ਰਿਹਾ ਹੈ। ਇਸ ਸਥਿਤੀ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਨੇ ਪੰਜਾਬ ਮਿਉਂਸਪਲ ਐਕਟ 1911 ਦੀ ਧਾਰਾ 233/234 (ਐਮਰਜੈਂਸੀ ਦੀ ਸਥਿਤੀ ਵਿਚ ਡਿਪਟੀ ਕਮਿਸ਼ਨਰ ਦੀ ਅਸਾਧਾਰਨ ਸ਼ਕਤੀ) ਅਤੇ ਇਸ ਸੰਬੰਧ ਵਿਚ ਹੋਰ ਸਾਰੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਵੱਖ-ਵੱਖ ਕੰਮਾਂ, ਉਪਾਵਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਹਨ, ਜਿੰਨਾਂ ਦਾ ਖ਼ਰਚਾ ਸੰਬੰਧਿਤ ਸ਼ਹਿਰੀ ਸਥਾਨਕ ਸੰਸਥਾ ਦੇ ਮਿਉਂਸਪਲ ਫੰਡ ਵਿਚੋਂ ਅਦਾ ਕੀਤਾ ਜਾਵੇਗਾ। ਜਾਰੀ ਹੁਕਮਾਂ ਅਨੁਸਾਰ ਜ਼ਿਲ੍ਹਾ ਤਰਨ ਤਾਰਨ ਦੀਆਂ ਨਗਰ ਕੌਂਸਲਾਂ, ਨਗਰ ਪੰਚਾਇਤਾਂ ਦੇ ਕਾਰਜਕਾਰੀ ਅਧਿਕਾਰੀ ਤੁਰੰਤ ਬਦਲਵੇਂ ਪ੍ਰਬੰਧ ਕਰਨਗੇ। ਉਹ ਠੇਕੇ ’ਤੇ ਲਈਆਂ ਗਈਆਂ ਏਜੰਸੀਆਂ, ਆਊਟਸੋਰਸਡ ਮੈਨਪਾਵਰ, ਕਿਰਾਏ ’ਤੇ ਲਏ ਵਾਹਨ, ਮਸ਼ੀਨਰੀ, ਜਾਂ ਹੋਰ ਵਿੰਗਾਂ, ਵਿਭਾਗਾਂ ਤੋਂ ਸਟਾਫ ਦੀ ਤਾਇਨਾਤੀ ਰਾਹੀਂ ਆਪਣੇ-ਆਪਣੇ ਅਧਿਕਾਰ ਖੇਤਰਾਂ ਦੇ ਅੰਦਰ ਸਾਰੇ ਵਾਰਡਾਂ, ਬਾਜ਼ਾਰਾਂ, ਹਸਪਤਾਲਾਂ ਅਤੇ ਜਨਤਕ ਥਾਵਾਂ ਤੋਂ ਇਕੱਠੇ ਹੋਏ ਕੂੜੇ ਅਤੇ ਠੋਸ ਰਹਿੰਦ-ਖੂੰਹਦ ਨੂੰ ਤੁਰੰਤ ਚੁੱਕਣ, ਢੋਆ- ਢੁਆਈ ਅਤੇ ਵਿਗਿਆਨਕ, ਕਾਨੂੰਨੀ ਨਿਪਟਾਰਾ ਕਰਵਾਉਣਗੇ। ਇਸ ਤਹਿਤ ਹਸਪਤਾਲਾਂ, ਡਿਸਪੈਂਸਰੀਆਂ, ਸਕੂਲਾਂ, ਬਾਜ਼ਾਰਾਂ, ਜਲ ਸਰੋਤਾਂ ਦੇ ਨਾਲਿਆਂ ਅਤੇ ਹੋਰ ਸੰਵੇਦਨਸ਼ੀਲ, ਜ਼ਿਆਦਾ ਭੀੜ-ਭਾੜ ਵਾਲੇ ਸਥਾਨਾਂ ਨੂੰ ਤਰਜੀਹ ਦਿੱਤੀ ਜਾਵੇਗੀ, ਜਿਥੇ ਬਿਮਾਰੀ ਫ਼ੈਲਣ ਦਾ ਜ਼ੋਖ਼ਮ ਸਭ ਤੋਂ ਵੱਧ ਹੈ। ਇਸੇ ਤਰ੍ਹਾਂ ਸਿਵਲ ਸਰਜਨ ਤਰਨ ਤਾਰਨ ਅਤੇ ਜ਼ਿਲ੍ਹਾ ਸਿਹਤ ਅਧਿਕਾਰੀ ਇਸ ਮੁਹਿੰਮ ਨਾਲ ਜੁੜੇ ਰਹਿਣਗੇ ਅਤੇ ਜ਼ਿਲ੍ਹੇ ਭਰ ਵਿਚ ਡਰੇਨਾਂ, ਪਾਣੀ ਦੇ ਸਰੋਤਾਂ ਅਤੇ ਸੰਵੇਦਨਸ਼ੀਲ ਇਲਾਕਿਆਂ ਵਿਚ ਜੰਗੀ ਪੱਧਰ ’ਤੇ ਲਾਰਵੇ ਵਿਰੋਧੀ ਸਪਰੇਅ, ਫੌਗਿੰਗ, ਕੀਟਾਣੂ-ਨਾਸ਼ਕ ਅਤੇ ਕਲੋਰੀਨੇਸ਼ਨ ਕਰਵਾਉਣਗੇ ਅਤੇ ਕਿਸੇ ਵੀ ਪ੍ਰਕੋਪ ਦੀ ਸੰਭਾਵਨਾ ਲਈ ਸਾਰੀਆਂ ਸਿਹਤ ਸੰਸਥਾਵਾਂ ਵਿਚ ਦਵਾਈਆਂ ਅਤੇ ਆਈ.ਵੀ. ਤਰਲ ਪਦਾਰਥਾਂ ਦਾ ਢੁਕਵਾਂ ਸਟਾਕ ਰੱਖਣਗੇ। ਜਾਰੀ ਹੁਕਮਾਂ ਅਨੁਸਾਰ ਸੰਬੰਧਿਤ ਉਪ-ਮੰਡਲ ਮੈਜਿਸਟ੍ਰੇਟ ਅਤੇ ਕਾਰਜਕਾਰੀ ਅਧਿਕਾਰੀ ਆਮ ਸਥਿਤੀ ਬਹਾਲ ਹੋਣ ਤੱਕ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਕੂੜੇ ਦੀ ਮਾਤਰਾ, ਕਵਰ ਕੀਤੇ ਖੇਤਰਾਂ ਅਤੇ ਹੜਤਾਲ ਨਾਲ ਜੁੜੇ ਕਿਸੇ ਵੀ ਕਾਨੂੰਨ-ਵਿਵਸਥਾ ਦੇ ਮੁੱਦੇ ਬਾਰੇ ਰੋਜ਼ਾਨਾ ਪਾਲਣਾ-ਕਮ-ਸਥਿਤੀ ਰਿਪੋਰਟ ਜਮ੍ਹਾਂ ਕਰਾਉਣਗੇ। ਇਹ ਹੁਕਮ ਉਦੋਂ ਤੱਕ ਲਾਗੂ ਰਹਿਣਗੇ, ਜਦੋਂ ਤੱਕ ਹੜਤਾਲ ਖ਼ਤਮ ਨਹੀਂ ਹੋ ਜਾਂਦੀ ਅਤੇ ਆਮ ਸੈਨੀਟੇਸ਼ਨ ਸੇਵਾਵਾਂ ਬਹਾਲ ਨਹੀਂ ਹੋ ਜਾਂਦੀਆਂ।
ਪਿਛਲੀ ਖ਼ਬਰ ਨਸ਼ੀਲੇ ਪਦਾਰਥਾਂ ਸਮੇਤ 5 ਵਿਅਕਤੀ ਗਿ੍ਫ਼ਤਾਰ-ਐੱਸ.ਐੱਸ.ਪੀ. ਲਾਂਬਾ ਅਗਲੀ ਖ਼ਬਰ ਉਂਕਾਰ ਸਿੰਘ ਸੋਢੀ ਨੂੰ ਸਰਬਸੰਮਤੀ ਨਾਲ ਗੁਰਦੁਆਰਾ ਥੰਮ ਸਾਹਿਬ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।