ਸ਼ਾਹਬਾਜਪੁਰ, 27 ਜੁਲਾਈ (ਪ੍ਰਦੀਪ ਬੇਗੇਪੁਰ)–ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ਼ਾਹਬਾਜਪੁਰ ਵਿਖੇ ਬਿਜਲੀ ਦਾ ਬਹੁਤ ਹੀ ਜਿਆਦਾ ਮੰਦਾ ਹਾਲ ਹੈ। ਸਕੂਲ ਮੁਖੀ ਹਰਜਿੰਦਰ ਸਿੰਘ, ਚੇਅਰਮੈਨ ਸੰਦੀਪ ਸਿੰਘ ਸਰਪੰਚ, ਐਨ.ਆਰ.ਆਈ. ਸਾਹਿਬ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਤਿੰਨ ਮਹੀਨੇ ਤੋਂ ਟਰਾਂਸਫਾਰਮਰ ਸਕੂਲ ਦੇ ਲਈ ਵੱਖਰਾ ਮਨਜੂਰ ਹੋ ਚੁੱਕਾ ਹੈ ਪ੍ਰੰਤੂ ਵਿਭਾਗ ਦੇ ਢਿੱਲੀ ਕਾਰਗੁਜ਼ਾਰੀ ਕਰਕੇ ਅਜੇ ਤੱਕ ਲਗਾਇਆ ਨਹੀਂ ਗਿਆ, ਜਿਸ ਕਾਰਨ ਬੱਚਿਆਂ ਦਾ ਗਰਮੀ ਦੇ ਨਾਲ ਬਹੁਤ ਹੀ ਜਿਆਦਾ ਬੁਰਾ ਹਾਲ ਹੋ ਰਿਹਾ ਹੈ। ਮੁਹਤਬਾਰ ਵਿਅਕਤੀਆਂ ਵਲੋਂ ਕਲਾਸਾਂ ਵਿਚ ਖੁਦ ਜਾ ਕੇ ਦੇਖਿਆ ਗਿਆ ਕਿ ਕਿਵੇਂ ਵਿਦਿਆਰਥੀ ਬੇਤਿਹਾਸ਼ਾ ਗਰਮੀ ਵਿਚ ਬਿਨਾਂ ਬਿਜਲੀ ਦੇ ਪਸੀਨੇ ਨਾਲ ਭਿੱਜ ਕੇ ਸਿੱਖਿਆ ਪ੍ਰਾਪਤ ਕਰ ਰਹੇ ਹਨ ਪ੍ਰੰਤੂ ਵਿਭਾਗ ਦੇ ਉੱਪਰ ਬੱਚਿਆਂ ਦੀ ਪਰੇਸ਼ਾਨੀ ਦਾ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ ਹੈ। ਇਸ ਪਰੇਸ਼ਾਨੀ ਦੇ ਸਬੰਧੀ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਕਈ ਵਾਰ ਫੋਨ ’ਤੇ ਸੰਪਰਕ ਸਥਾਪਿਤ ਕੀਤਾ ਗਿਆ ਹੈ ਪ੍ਰੰਤੂ ਉਨ੍ਹਾਂ ਵਲੋਂ ਅਜੇ ਤੱਕ ਟਾਲ ਮਟੋਲ ਦੀ ਨੀਤੀ ਜਾਰੀ ਹੈ। ਸਕੂਲ ਮੁਖੀ ਹਰਜਿੰਦਰ ਸਿੰਘ ਅਤੇ ਮੁਹਤਬਾਰ ਵਿਅਕਤੀਆਂ ਵਲੋਂ ਵਿਭਾਗੀ ਕਰਮਚਾਰੀਆਂ ਨੂੰ ਇਸ ਸਮੱਸਿਆ ਦਾ ਹੱਲ ਜਲਦੀ ਤੋਂ ਜਲਦੀ ਕਰਨ ਲਈ ਅਪੀਲ ਕੀਤੀ ਗਈ ਹੈ ਤਾਂ ਕਿ ਵਿਦਿਆਰਥੀ ਗਰਮੀ ਦੇ ਇਸ ਹੁੰਮਸ ਭਰੇ ਮਾਹੌਲ ਵਿੱਚ ਸਿੱਖਿਆ ਆਸਾਨੀ ਦੇ ਨਾਲ ਪ੍ਰਾਪਤ ਕਰ ਸਕਣ ਲੋੜ ਤੋਂ ਜਿਆਦਾ ਹੁੰਮਸ ਵਾਲੀ ਗਰਮੀ ਬਿਜਲੀ ਦਾ ਨਾਾ ਆਉਣਾ ਵਿਦਿਆਰਥੀਆਂ ਨੂੰ ਕਈ ਪ੍ਰਕਾਰ ਦੀਆਂ ਬਿਮਾਰੀਆਂ ਵੱਲ ਧੱਕ ਰਿਹਾ ਹੈ। ਜੇਕਰ ਬਿਜਲੀ ਦੀ ਸਮੱਸਿਆ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਇਹ ਸਮੱਸਿਆ ਆਉਣ ਵਾਲੇ ਦਿਨਾਂ ਵਿਚ ਹੋਰ ਗੰਭੀਰ ਬਣ ਸਕਦੀ ਹੈ, ਇਸ ਲਈ ਜਿੰਮੇਵਾਰ ਕੌਣ ਹੋਵੇਗਾ ਸੋਚਣ ਸਮਝਣ ਅਤੇ ਵਿਚਾਰਨ ਦੀ ਲੋੜ ਹੈ।