ਖਾਲੜਾ, 27 ਜੁਲਾਈ (ਜੱਜਪਾਲ ਸਿੰਘ ਜੱਜ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਨੇ 2022 ਦੀਆਂ ਚੋਣਾਂ ਵੇਲੇ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸਨ, ਉਹ ਕਰੀਬ ਸਾਰੇ ਪੂਰੇ ਕੀਤੇ ਗਏ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਖੇਮਕਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸਰਵਨ ਸਿੰਘ ਧੁੰਨ ਨੇ ਪਿੰਡ ਅਮੀਸ਼ਾਹ ਵਿਖੇ ਲੋਕ ਮਿਲਣੀ ਦੌਰਾਨ ਸੰਬੋਧਨ ਕਰਦਿਆਂ ਕੀਤਾ। ਸਰਪੰਚ ਲਖਵਿੰਦਰ ਸਿੰਘ ਅਤੇ ਆੜ੍ਹਤੀ ਸਤਨਾਮ ਸਿੰਘ ਦੀ ਅਗਵਾਈ ਹੇਠ ਹੋਈ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਵਿਧਾਇਕ ਸਰਵਨ ਸਿੰਘ ਧੁੰਨ ਨੇ ਕਿਹਾ ਕਿ ਇਸ ਵੇਲੇ ਹਰੇਕ ਪਰਿਵਾਰ ਨੂੰ ਬਿਜਲੀ ਦੇ 600 ਯੂਨਿਟ ਮਾਫ ਹਨ ,ਕਰੀਬ ਕਰੀਬ ਹਰੇਕ ਪਰਿਵਾਰ ਦੀ ਸਿਹਤ ਇਲਾਜ ਲਈ 10 ਲੱਖ ਬੀਮੇ ਦੇ ਕਾਰਡ ਬਣ ਚੁੱਕੇ ਹਨ, ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਤਹਿਤ ਗਰੀਬ ਵਰਗ ਨੂੰ 1500 ਅਤੇ ਆਮ ਵਰਗ ਨੂੰ 1000 ਰੁਪਏ ਮਿਲਣੇ ਸ਼ੁਰੂ ਹੋ ਗਏ ਹਨ, ਕਿਸਾਨਾਂ ਨੂੰ ਖੇਤੀ ਲਈ ਬਿਜਲੀ ਸਪਲਾਈ ਨਿਰਵਿਘਨ ਮਿਲ ਰਹੀ ਹੈ ਅਤੇ ਜਿਹੜੇ ਸੂਇਆਂ ਰਜਬਾਹਿਆਂ ਵਿਚ ਕਦੀ ਪਾਣੀ ਆਇਆ ਨਹੀਂ ਸੀ, ਉਨ੍ਹਾਂ ਵਿਚ ਨਹਿਰੀ ਪਾਣੀ ਆ ਰਿਹਾ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਜਿਹੜੀਆਂ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਗਈਆਂ ਹਨ, ਇਹ ਸਹੂਲਤਾਂ ਮਗਰਲੇ ਸਮੇਂ ਵਿਚ ਰਾਜ ਕਰਨ ਵਾਲੀਆਂ ਪਾਰਟੀਆਂ ਨੂੰ ਵੀ ਦੇਣੀਆਂ ਚਾਹੀਦੀਆਂ ਸਨ, ਪ੍ਰਤੂ ਉਨ੍ਹਾਂ ਪਾਰਟੀਆਂ ਦੇ ਨੇਤਾਵਾਂ ਨੇ ਆਪਣੇ ਘਰ ਭਰਨ ਨੂੰ ਪਹਿਲ ਦਿੱਤੀ ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਹੈ ਕਿ ਪੰਜਾਬ ਦਾ ਹਰੇਕ ਪਰਿਵਾਰ ਖੁਸ਼ਹਾਲ ਹੋਵੇ। ਉਨ੍ਹਾਂ ਕਿਹਾ ਕਿ 2027 ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਆਮ ਆਦਮੀ ਪਾਰਟੀ ਸਪੱਸ਼ਟ ਬਹੁਮਤ ਨਾਲ ਆਪਣੀ ਸਰਕਾਰ ਬਣਾਵੇਗੀ। ਉਪਰੰਤ ਸਰਪੰਚ ਲਖਵਿੰਦਰ ਸਿੰਘ ਨੇ ਵਿਧਾਇਕ ਸਰਵਨ ਸਿੰਘ ਧੁੰਨ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਪਿੰਡ ਅਮੀਸ਼ਾਹ ਤੋਂ ਆਮ ਆਦਮੀ ਪਾਰਟੀ ਨੂੰ ਵੱਡੀ ਲੀਡ ਨਾਲ ਜਿਤਾਉਣਗੇ। ਇਸ ਮੌਕੇ ਪੀ.ਏ. ਹਰਵਿੰਦਰ ਸਿੰਘ ਬੁਰਜ, ਪ੍ਰਧਾਨ ਨਗਰ ਪੰਚਾਇਤ ਭਿੱਖੀਵਿੰਡ ਸੁਖਦੇਵ ਸਿੰਘ, ਕੌਂਸਲਰ ਜਸਪ੍ਰੀਤ ਸਿੰਘ ਰੱਬ, ਚੇਅਰਮੈਨ ਗੁਰਦੇਵ ਸਿੰਘ ਕੰਬੋਕੇ, ਹੀਰਾ ਸਿੰਘ ਦੋਦੇ, ਸਕੱਤਰ ਸਿੰਘ ਦੋਦੇ, ਪਵਨਦੀਪ ਸਿੰਘ ਖਾਲੜਾ, ਸਤਨਾਮ ਸਿੰਘ ਮਿੱਤਰ, ਸੂਬੇਦਾਰ ਸਾਵਲ ਸਿੰਘ ਅਮੀਸ਼ਾਹ, ਮੈਂਬਰ ਬਾਜ ਸਿੰਘ, ਦਿਲਬਾਗ ਸਿੰਘ ਮੈਂਬਰ, ਮੈਂਬਰ ਗੁਰਸੇਵਕ ਸਿੰਘ, ਮੈਂਬਰ ਤਸਵੀਰ ਸਿੰਘ, ਮੈਂਬਰ ਸਰਦਾਰਾ ਸਿੰਘ, ਬਾਬਾ ਪ੍ਰਗਟ ਸਿੰਘ, ਫੌਜੀ ਰਣਜੀਤ ਸਿੰਘ, ਗੁਰਲਾਲ ਸਿੰਘ, ਲਾਲਾ, ਦਿਲਬਾਗ ਸਿੰਘ, ਜੱਜਪਾਲ ਸਿੰਘ, ਹਰਜਿੰਦਰ ਸਿੰਘ, ਸਕੱਤਰ ਸਿੰਘ, ਲਖਵਿੰਦਰ ਸਿੰਘ, ਬਾਬਾ ਬਲਜੀਤ ਸਿੰਘ, ਦਿਲਬਾਗ ਸਿੰਘ ਦਿੱਲੀ, ਗੁਰਪ੍ਰੀਤ ਸਿੰਘ ਗੁਰਸਾਹਿਬ, ਗੁਰਚੇਤ ਸਿੰਘ, ਗੁਰਜੰਟ ਸਿੰਘ, ਸਤਨਾਮ ਸਿੰਘ ਕਾਜੀ, ਬਲਦੇਵ ਸਿੰਘ ਆਦਿ ਹਾਜ਼ਰ ਸਨ।