ਝਬਾਲ, 27 ਜੁਲਾਈ (ਸੁਖਦੇਵ ਸਿੰਘ)–ਪੰਜਾਬ ਸਰਕਾਰ ਵਲੋਂ ਤਹਿਸੀਲਾਂ ਵਿਚ ਪਾਰਦਰਸ਼ਤਾ ਲਿਆਉਣ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਡਿਜੀਟਲ ਰਜਿਸਟਰੀਆਂ ਸ਼ੁਰੂ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਹਕੀਕਤ ਇਸ ਦੇ ਬਿਲਕੁਲ ਉਲਟ ਹੈ। ਪਾਰਦਰਸ਼ਤਾ ਦੇ ਨਾਂ ‘ਤੇ ਸ਼ੁਰੂ ਕੀਤੀ ਗਈ ਇਹ ਡਿਜੀਟਲ ਰਜਿਸਟਰੀ ਯੋਜਨਾ ਆਮ ਲੋਕਾਂ ਲਈ ਸਹੂਲਤ ਦੀ ਥਾਂ ਮੁਸੀਬਤ ਦਾ ਸਬੱਬ ਬਣ ਗਈ ਹੈ ਅਤੇ ਭ੍ਰਿਸ਼ਟਾਚਾਰ ਰੋਕਣ ਦੇ ਦਾਅਵੇ ਕੇਵਲ ਕਾਗਜ਼ਾਂ ਤੱਕ ਹੀ ਸੀਮਤ ਨਜ਼ਰ ਆ ਰਹੇ ਹਨ। ਸਬ ਤਹਿਸੀਲ ਝਬਾਲ ਵਿਖੇ ਇਕ ਨਿਵੇਕਲਾ ਹੀ ਘਟਨਾਕ੍ਰਮ ਸਾਹਮਣੇ ਆਇਆ ਹੈ। ਜਿੱਥੇ ਲੱਗਪਗ 60 ਸਾਲ ਪਹਿਲਾਂ ਫੌਤ ਹੋਇਆ ਕਿਸ਼ਨ ਸਿੰਘ ਪੁੱਤਰ ਸ਼ਾਮ ਸਿੰਘ ਵਾਸੀ ਠੱਟਾ ਦਾ ਵਸਨੀਕ ਕਬਰ ਵਿੱਚੋਂ ਉੱਠ ਕੇ ਸਬ ਤਹਿਸੀਲ ਝਬਾਲ ਵਿਖੇ ਆਇਆ ਅਤੇ ਬਿਨਾਂ ਕਿਸੇ ਨੂੰ ਮਿਲੇ ਜ਼ਮੀਨ ਦੀ ਰਜਿਸਟਰੀ ਕਰਵਾਕੇ ਗਾਇਬ ਹੋ ਗਿਆ। ਇਸ ਸਬੰਧੀ ਸਰਬਦੇਵ ਸਿੰਘ ਪੁੱਤਰ ਲਖਵਿੰਦਰ ਸਿੰਘ ਅਤੇ ਉਸ ਦੀ ਪਤਨੀ ਬਲਬੀਰ ਕੌਰ ਵਾਸੀ ਠੱਟਾ ਨੇ ਐਸ.ਡੀ.ਐਮ. ਤਾਰਨ ਤਰਨ ਨੂੰ ਕੀਤੀ ਲਿਖ਼ਤੀ ਸਿਕਾਇਤ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਵਸਨੀਕ ਕਿਸ਼ਨ ਸਿੰਘ ਪੁੱਤਰ ਸ਼ਾਮ ਸਿੰਘ ਜਿਸ ਦੀ ਲਗਪਗ 60 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਦੇ ਨਾਂਅ ’ਤੇ ਕੁਝ ਵਿਅਕਤੀਆਂ ਵਲੋਂ ਉਸ ਦੇ ਨਾਂ ’ਤੇ ਆਧਾਰ ਕਾਰਡ ਨੰਬਰ 883938819939 ਬਣਾ ਕੇ ਉਸ ਨੂੰ ਇਕ ਕਨਾਲ ਅੱਠ ਮਰਲੇ ਜ਼ਮੀਨ ਦਾ ਮਾਲਕ ਘੋਸ਼ਿਤ ਕਰਕੇ 27/5/2025 ਨੂੰ ਰਜਿਸਟਰੀ ਕਰਵਾ ਲਈ। ਸਰਬਦੇਵ ਸਿੰਘ ਨੇ ਸਾਰੇ ਦਸਤਾਵੇਜ ਪੇਸ਼ ਕਰਦਿਆ ਦੱਸਿਆ ਕਿ ਇਸ ਜਗ੍ਹਾ ‘ਤੇ ਉਸ ਨੇ ਪਿਛਲੇ 30-35 ਸਾਲਾਂ ਤੋਂ ਕਾਬਜ਼ ਹੈ। ਲਾਲ ਲਕੀਰ ਅੰਦਰ ਇਹ ਜਗ੍ਹਾ ਹੋਣ ਕਰਕੇ ਉਸ ਪਾਸ ਪੰਚਾਇਤੀ ਤੌਰ ‘ਤੇ ਕੀਤੇ ਸੌਦੇ ਦਾ ਅਸ਼ਟਾਮ ਵੀ ਹੈ। ਪਰ ਸਬ ਤਹਿਸੀਲ ਝਬਾਲ ‘ਚ ਕਥਿਤ ਮਿਲੀਭੁਗਤ ਨਾਲ ਕੁਝ ਵਿਅਕਤੀਆਂ ਵਲੋਂ ਮਰੇ ਬੰਦੇ ਦੀ ਜਗ੍ਹਾ ਕੋਈ ਹੋਰ ਬੰਦਾ ਖੜਾ ਕਰਕੇ ਉਸ ਜਗ੍ਹਾ ਦੀ ਰਜਿਸਟਰੀ ਕਰਵਾ ਲਈ ਹੈ, ਜਿਸ ਕਰਕੇ ਮੇਰਾ ਪ੍ਰਰਿਵਾਰ ਮਾਨਸਿਕ ਤੌਰ ’ਤੇ ਬੇਹੱਦ ਪ੍ਰੇਸ਼ਾਨ ਹੈ। ਉਸਨੇ ਇਨਸਾਫ ਲਈ ਉੱਚ ਪੱਧਰੀ ਜਾਂਚ ਕਰਾਏ ਜਾਣ ਦੀ ਮੰਗ ਕੀਤੀ ਹੈ। ਇਸ ਸਬੰਧੀ ਜਦੋਂ ਪਿੰਡ ਠੱਠਾ ਦੇ ਨੰਬਰਦਾਰ ਜਰਨੈਲ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਕਿਸ਼ਨ ਸਿੰਘ ਦੀ 60 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਜਿਹੜੀ ਉਸ ਦੇ ਨਾਂ ’ਤੇ ਸਬ ਤਹਿਸੀਲ ਝਬਾਲ ਵਿਖੇ ਰਜਿਸਟਰੀ ਹੋਈ ਹੈ। ਪਿੰਡ ਦੇ ਨੰਬਰਦਾਰ ਵਲੋਂ ਤਸਦੀਕ ਨਹੀਂ ਕੀਤੀ ਗਈ। ਸਗੋਂ ਇਹ ਬਾਹਰਲੇ ਪਿੰਡ ਦੇ ਨੰਬਰਦਾਰ ਵਲੋਂ ਤਸ਼ਦੀਕ ਕੀਤੀ ਗਈ ਹੈ। ਇਸ ਸਬੰਧੀ ਸਬ ਤਹਿਸੀਲ ਝਬਾਲ ਦੇ ਨਾਇਬ ਤਹਿਸੀਲਦਾਰ ਰਤਨਜੀਤ ਖੁੱਲਰ ਨਾਲ ਸੰਪਰਕ ਕੀਤਾ ਗਿਆ ਤਾਂ ਉਨਾਂ ਨੇ ਕਿਹਾ ਕਿ ਇਹ ਰਜਿਸਟਰੀ ਉਨ੍ਹਾਂ ਦੇ ਚਾਰਜ ਸੰਭਾਲਣ ਤੋ ਪਹਿਲਾਂ ਦੀ ਹੋਈ ਹੈ। ਜਿਸ ਸਬੰਧੀ ਪੜਤਾਲ ਲਈ ਉਨ੍ਹਾਂ ਪਾਸ ਸਿਕਾਇਤ ਕਰਤਾ ਦੀ ਸ਼ਿਕਾਇਤ ਪਹੁੰਚ ਚੁੱਕੀ ਹੈ। ਉਨ੍ਹਾਂ ਵਲੋ ਸੰਮਨ ਜਾਰੀ ਕਰਕੇ ਸਾਰਿਆਂ ਦੇ ਬਿਆਨ ਲਏ ਜਾ ਰਹੇ ਹਨ ਅਤੇ ਸਾਰੀ ਪੜਤਾਲ ਕਰਕੇ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਜਾਏਗੀ। ਦੋਸ਼ ਸਾਬਤ ਹੋਣ ’ਤੇ ਰਜਿਸਟਰੀ ਖਾਰਜ ਕਰਕੇ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਜਦੋਂ ਰਜਿਸਟਰੀ ਕਰਾਉਣ ਵਾਲੀ ਧਿਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਕਿਸ਼ਨ ਸਿੰਘ ਜਿਊਂਦਾ ਹੈ ਅਤੇ ਅਸੀਂ ਉਸ ਕੋਲੋਂ ਜ਼ਮੀਨ ਖ਼ਰੀਦ ਕੇ ਰਜਿਸਟਰੀ ਕਰਵਾਈ ਹੈ। ਉਨਾਂ ਕਿਹਾ ਸਰਬਦੇਵ ਸਿੰਘ ਕੋਲ ਰਜਿਸਟਰੀ ਹੋਰ ਜਗ੍ਹਾ ਦੀ ਹੈ ਅਤੇ ਉਹ ਕਾਬਜ਼ ਹੋਰ ਜਗ੍ਹਾ ’ਤੇ ਹੈ । ਉਨਾਂ ਕਿਹਾ ਇਸ ਸਬੰਧੀ ਅਦਾਲਤੀ ਕੇਸ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਜਗ੍ਹਾ ਦਾ ਸਟੇਅ ਵੀ ਹੋ ਚੁੱਕਾ ਹੈ।