15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਮੀਰੀ-ਪੀਰੀ ਖ਼ਾਲਸਾ ਮਾਰਚ ਦਾ ਹਰੀਕੇ ਪੱਤਣ ਪੁੱਜਣ ’ਤੇ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਨਾਲ ਸਵਾਗਤ

ਅਜੀਤ ਡੈਸਕ 29-07-2026
ਹਰੀਕੇ ਪੱਤਣ, 28 ਜੁਲਾਈ (ਸੰਜੀਵ ਕੁੰਦਰਾ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਮੀਰੀ-ਪੀਰੀ ਦਿਵਸ ਨੂੰ ਸਮਰਪਿਤ ਮੀਰੀ-ਪੀਰੀ ਖਾਲਸਾ ਮਾਰਚ ਜੋ ਕਿ 24 ਜੁਲਾਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਇਆ ਅਤੇ ਵੱਖ-ਵੱਖ ਪੜਾਅ ਕਰਦਾ ਹੋਇਆ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਕਸਬਾ ਹਰੀਕੇ ਪੱਤਣ ਵਿਖੇ ਪੁੱਜਾ, ਜਿਥੇ ਗੁਰਦੁਆਰਾ ਚਰਨ ਕਮਲ ਸਾਹਿਬ ਪਾਤਸ਼ਾਹੀ ਦੂਜੀ ਅਤੇ ਪਾਤਸ਼ਾਹੀ ਛੇਵੀਂ ਸੰਪਰਦਾਇ ਦਲ ਬਾਬਾ ਬਿਧੀ ਚੰਦ ਵਿਖੇ ਸੰਤ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਦੀ ਰਹਿਨੁਮਾਈ ਹੇਠ ਇਲਾਕੇ ਦੀਆਂ ਸੰਗਤਾਂ ਨੇ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਮੀਰੀ-ਪੀਰੀ ਖਾਲਸਾ ਮਾਰਚ ਜੋ ਕਿ ਵਹੀਰ ਦੀ ਸ਼ਕਲ ਵਿਚ ਚੱਲ ਰਿਹਾ ਹੈ, ਨੂੰ ਸੰਗਤ ਵਲੋਂ ਬਹੁਤ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਭਾਰੀ ਗਰਮੀ ਦੇ ਬਾਵਜੂਦ ਵੱਡੀ ਗਿਣਤੀ ਵਿਚ ਸੰਗਤਾਂ ਵੱਖ-ਵੱਖ ਨਗਰਾਂ ਤੋਂ ਬਾਹਰ ਨਿਕਲ ਕੇ ਸਵਾਗਤ ਕਰ ਰਹੀਆਂ ਹਨ । ਉਨ੍ਹਾਂ ਕਿਹਾ ਕਿ ਇਸ ਖਾਲਸਾ ਮਾਰਚ ਦਾ ਸੰਦੇਸ਼ ਹੈ ਕਿ ਬਾਣੀ ਬਾਣੇ ਦੇ ਧਾਰਨੀ ਹੋਈਏ ,ਦੁੱਖ ਹੋਵੇ, ਸੁੱਖ ਹੋਵੇ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰੀਏ ਅਤੇ ਇਕ ਦੂਜੇ ਦੀ ਮਦਦ ਕਰੀਏ । ਉਨ੍ਹਾਂ ਕਿਹਾ ਕਿ ਅੱਜ ਦੇ ਨੌਜਵਾਨ 40-50 ਲੱਖ ਰੁਪਏ ਖਰਚ ਕੇ ਵਿਦੇਸ਼ ਜਾ ਰਹੇ ਹਨ, ਉਹੀ 40-50 ਲੱਖ ਲਾ ਕੇ ਆਪਣੀ ਧਰਤੀ ’ਤੇ ਕਾਰੋਬਾਰ ਕਰਨ ਅਤੇ ਆਪਣੇ ਸੂਬੇ ਪੰਜਾਬ ਦੀ ਖੁਸ਼ਹਾਲੀ ਵਿਚ ਯੋਗਦਾਨ ਪਾਉਣ। ਉਨ੍ਹਾਂ ਹੋਰ ਕਿਹਾ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ, ਇੱਥੇ ਚੱਪੇ-ਚੱਪੇ ’ਤੇ ਸ਼ਹੀਦਾਂ ਦਾ ਖੂਨ ਡੁੱਲ੍ਹਾ ਹੈ ਜਿਹੜੀਆਂ ਕੁਝ ਤਾਕਤਾਂ ਸੱਤਾ ਦੇ ਹੰਕਾਰ ਦੇ ਵਿਚ ਇਹ ਭਰਮ ਪਾਲ ਕੇ ਬੈਠੀਆਂ ਵੀ ਅਸੀਂ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਵੰਗਾਰ ਲਵਾਂਗੇ। ਉਨ੍ਹਾਂ ਨੂੰ ਗੁਰੂ ਦੀ ਸ਼ਰਨ ਵਿਚ ਆਉਣਾ ਚਾਹੀਦਾ ਹੈ। ਗੁਰੂ ਸਾਹਿਬ ਸ਼ਰਨ ਵਿਚ ਆਉਣ ਵਾਲੇ ਦੀ ਲਾਜ ਰੱਖਦਾ ਹੈ, ਨਹੀਂ ਤਾਂ ਅਬਦਾਲੀ, ਨਾਦਰ ਸ਼ਾਹ ਕਈ ਆਏ ਤੇ ਕਈ ਗਏ, ਪਰ ਮੀਰੀ ਪੀਰੀ ਦੇ ਨਿਸ਼ਾਨ ਅੱਜ ਵੀ ਝੂਲਦੇ ਹਨ ਤੇ ਸਦਾ ਝੂਲਦੇ ਰਹਿਣਗੇ । ਇਸ ਮੌਕੇ ਜਥੇਦਾਰ ਬਾਬਾ ਨਿਹਾਲ ਸਿੰਘ, ਬਾਬਾ ਚਾਂਦੀ, ਬਾਬਾ ਸੂਬਾ ਸਿੰਘ ਬਾਬਾ ਪ੍ਰਤਾਪ ਸਿੰਘ, ਜਥੇਦਾਰ ਸ੍ਰੀ ਮਾਨ ਸਿੰਘ, ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਮੀਤ ਸਕੱਤਰ ਗੁਰਨਾਮ ਸਿੰਘ ਕੋਟ, ਪ੍ਰਚਾਰਕ ਗਿਆਨੀ ਗੁਰਬਚਨ ਸਿੰਘ ਕਲਸੀਆਂ, ਹੈਡ ਪ੍ਰਚਾਰਕ ਸਰਬਜੀਤ ਸਿੰਘ ਢੋਟੀਆਂ, ਭਾਈ ਜਗਦੇਵ ਸਿੰਘ, ਗਿਆਨੀ ਲਖਮੀਰ ਸਿੰਘ ਪ੍ਰਚਾਰਕ, ਗ੍ਰੰਥੀ ਅਰਸ਼ਦੀਪ ਸਿੰਘ, ਡਾ. ਜੋਗਾ ਸਿੰਘ, ਸ਼ਮਸ਼ੇਰ ਸਿੰਘ, ਬਲਬੀਰ ਸਿੰਘ ਸ਼ਾਹ, ਜਥੇਦਾਰ ਫੂਲਾ ਸਿੰਘ, ਬਿੱਟੂ ਟੇਲਰ, ਵਿਕਰਮਜੀਤ ਸਿੰਘ, ਸੋਨਾ ਸਿੰਘ, ਗੁਰਜੰਟ ਸਿੰਘ, ਬਾਗੀਚਾ ਸਿੰਘ, ਸਰਬਜੀਤ ਸਿੰਘ, ਗੁਰਸੇਵਕ ਸਿੰਘ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਕਰਮਚਾਰੀਆਂ ਵਲੋਂ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਦਾ ਵਿਰੋਧ ਕਰਨ ਦਾ ਐਲਾਨ ਅਗਲੀ ਖ਼ਬਰ ਆਬਕਾਰੀ ਵਿਭਾਗ ਦੀ ਟੈਕਸ ਚੋਰੀ ਖ਼ਿਲਾਫ਼ ਵੱਡੀ ਕਾਰਵਾਈ ਡਿਫਾਲਟਰ ਲਾਇਸੰਸੀ ਨੂੰ ਗ੍ਰਿਫ਼ਤਾਰ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।