ਪੱਟੀ, 29 ਜੁਲਾਈ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਸਤਲੁਜ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਠੱਕਰਪੁਰਾ ਪੱਟੀ ਵਿਚ ਔਰਤਾਂ ਦਾ ਸਾਵਣ ਦੇ ਮਹੀਨੇ ਵਿਚ ਆਉਣ ਵਾਲਾ ਹਰਮਨ ਪਿਆਰਾ ਤੀਜ ਦਾ ਤਿਉਹਾਰ ਬੜੇ ਹੀ ਰਿਵਾਇਤੀ ਅਤੇ ਸੱਭਿਆਚਾਰਕ ਤਰੀਕੇ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਵਿਚ ਸੱਭਿਆਚਾਰਕ ਵਿਰਾਸਤੀ ਵਸਤਾਂ ਜਿਵੇਂ ਦਰੀਆਂ ਫੁਲਕਾਰੀਆਂ ਪੱਖੀਆਂ ਰਿਵਾਇਤੀ ਬਰਤਨ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦੀ ਨੁੰਮਾਇਸ਼ ਬੜੇ ਹੀ ਦਿਲਕਸ਼ ਢੰਗ ਨਾਲ ਲਗਾਈ ਗਈ। ਇਸ ਸੰਬੰਧੀ ਸਕੂਲ ਦੇ ਪ੍ਰਿੰਸੀਪਲ ਰਾਜਬੀਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੌਕੇ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਪੰਜਾਬੀ ਸੱਭਿਆਚਾਰ ਨੂੰ ਪੇਸ਼ ਕਰਦੇ ਲੋਕ ਗੀਤ, ਗਿੱਧਾ, ਕਿੱਕਲੀ, ਢੋਲੇ, ਮਾਹੀਏ, ਟੱਪੇ ਆਦਿ ਨੂੰ ਬਹੁਤ ਹੀ ਰਿਵਾਇਤੀ ਅੰਦਾਜ਼ ਵਿਚ ਪੇਸ਼ ਕੀਤਾ ਗਿਆ। ਇਸ ਮੌਕੇ ਸਕੂਲ ਵਿਚ ਮਹਿੰਦੀ ਲਗਾਉਣ ਦਾ ਮੁਕਾਬਲਾ ਵੀ ਕਰਵਾਇਆ ਗਿਆ। ਇਸ ਸਮੇਂ ਸਕੂਲ ਦੀ ਮੈਨੇਜ਼ਮੈਂਟ ਕਮੇਟੀ ਵਲੋਂ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਲਈ ਰਿਵਾਇਤੀ ਖਾਣੇ ਦਾ ਪ੍ਰਬੰਧ ਬਹੁਤ ਵਧੀਆ ਤਰੀਕੇ ਨਾਲ ਕੀਤਾ ਗਿਆ। ਇਸ ਸਮੇਂ ਸਕੂਲ ਮੈਨੇਜਮੇਂਟ ਕਮੇਟੀ ਮੈਂਬਰ ਹਰਬੀਰ ਸਿੰਘ ਗਿੱਲ ਵਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਪੱਛਮ ਦੇ ਸਭਿਆਚਾਰ ਦੀ ਬਜਾਇ ਆਪਣੇ ਅਮੀਰ ਵਿਰਸੇ ਅਤੇ ਨੈਤਿਕ ਕਦਰਾਂ ਕੀਮਤਾਂ ਨਾਲ ਜੁੜਨ ਲਈ ਪ੍ਰੇਰਿਤ ਕਰਦਿਆਂ ਤੀਆਂ ਦੇ ਤਿਉਹਾਰ ਦੀ ਵਧਾਈ ਦਿੱਤੀ। ਇਸ ਮੌਕੇ ਸਕੂਲ ਦੇ ਵਾਈਸ ਪ੍ਰਿੰਸੀਪਲ ਦਲਬੀਰ ਕੌਰ, ਸਕੂਲ ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।