02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਲੋਂ ਡੇਢ ਲੱਖ ਬੂਟੇ ਲਗਾਉਣ ਦਾ ਟੀਚਾ ਪੂਰਾ ਕਰਨ ਲਈ ਸੇਵਾ ਲਗਾਤਾਰ ਜਾਰੀ

ਅਜੀਤ ਡੈਸਕ 31-07-2026
ਸਰਹਾਲੀ ਕਲਾਂ, 30 ਜੁਲਾਈ (ਅਜੈ ਸਿੰਘ ਹੁੰਦਲ)-ਵਾਤਾਵਰਨ ਦੀ ਸੰਭਾਲ ਦੇ ਉਦੇਸ਼ ਨਾਲ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਲੋਂ ਇਸ ਸਾਲ ਡੇਢ ਲੱਖ ਬੂਟੇ ਲਗਾਉਣ ਦੇ ਟੀਚੇ ਨੂੰ ਪੂਰਾ ਕਰਨ ਲਈ ਵਿਸ਼ਾਲ ਪੱਧਰ ’ਤੇ ਬੂਟੇ ਲਗਾਉਣ ਦੀ ਸੇਵਾ ਨਿਰੰਤਰ ਜਾਰੀ ਹੈ। ਮਹਾਂਪੁਰਖ ਸੰਤ ਬਾਬਾ ਸੁੱਖਾ ਸਿੰਘ ਦੀ ਅਗਵਾਈ ਹੇਠ ਹਰ ਸਾਲ ਬਰਸਾਤ ਦੇ ਮੌਸਮ ਦੌਰਾਨ ਇਹ ਸੇਵਾ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੀ ਜਾਂਦੀ ਹੈ, ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ, ਨੌਜਵਾਨਾਂ ਅਤੇ ਸੇਵਾਦਾਰਾਂ ਵਲੋਂ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਜਾਂਦੀ ਹੈ। ਜਾਣਕਾਰੀ ਦਿੰਦਿਆਂ ਸੇਵਾਦਾਰਾਂ ਨੇ ਦੱਸਿਆ ਕਿ ਇਸ ਸਾਲ ਦਾ ਬੂਟੇ ਲਗਾਉਣ ਦਾ ਸੇਵਾ ਕਾਰਜ 1 ਜੁਲਾਈ ਤੋਂ ਆਰੰਭ ਕੀਤਾ ਗਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਸੜਕਾਂ, ਲਿੰਕ ਮਾਰਗਾਂ ਅਤੇ ਜਨਤਕ ਥਾਵਾਂ ’ਤੇ ਹਜ਼ਾਰਾਂ ਬੂਟੇ ਲਗਾਏ ਜਾ ਚੁੱਕੇ ਹਨ। ਸੰਪਰਦਾਇ ਦਾ ਉਦੇਸ਼ ਸਿਰਫ਼ ਰੁੱਖ ਲਗਾਉਣਾ ਹੀ ਨਹੀਂ, ਸਗੋਂ ਲੋਕਾਂ ਵਿਚ ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਹਰ ਵਿਅਕਤੀ ਨੂੰ ਕੁਦਰਤ ਦੀ ਸੰਭਾਲ ਲਈ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਨਾ ਵੀ ਹੈ। ਆਸਟ੍ਰੇਲੀਆ ਦੀ ਗੁਰਮਤਿ ਪ੍ਰਚਾਰ ਫੇਰੀ ਤੋਂ ਵਾਪਸ ਪਰਤਣ ਉਪਰੰਤ ਸੰਤ ਬਾਬਾ ਸੁੱਖਾ ਸਿੰਘ ਨੇ ਤੁਰੰਤ ਇਸ ਸੇਵਾ ਕਾਰਜ ਦੀ ਕਮਾਨ ਸੰਭਾਲ ਲਈ ਅਤੇ ਖੁਦ ਸੰਗਤਾਂ ਦੇ ਨਾਲ ਬੂਟੇ ਲਗਾਉਣ ਦੀ ਸੇਵਾ ਵਿਚ ਸ਼ਾਮਿਲ ਹੋ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਗੁਰਬਾਣੀ ਮਨੁੱਖ ਨੂੰ ਕੁਦਰਤ ਨਾਲ ਪਿਆਰ ਕਰਨ ਅਤੇ ਪ੍ਰਮਾਤਮਾ ਦੀ ਰਚਨਾ ਦੀ ਸੰਭਾਲ ਕਰਨ ਦੀ ਪ੍ਰੇਰਨਾ ਦਿੰਦੀ ਹੈ। ਇਸ ਲਈ ਰੁੱਖ ਲਗਾਉਣਾ ਕੇਵਲ ਸਮਾਜਿਕ ਫ਼ਰਜ਼ ਹੀ ਨਹੀਂ, ਸਗੋਂ ਇਕ ਮਹਾਨ ਧਾਰਮਿਕ ਅਤੇ ਮਨੁੱਖਤਾ ਦੀ ਸੇਵਾ ਵੀ ਹੈ। ਇਸ ਮੁਹਿੰਮ ਤਹਿਤ ਸਰਹਾਲੀ ਤੋਂ ਚੋਹਲਾ ਸਾਹਿਬ ਨੂੰ ਜਾਂਦੀ ਸੜਕ ਦੇ ਦੋਵੇਂ ਪਾਸਿਆਂ ਵੱਡੇ ਪੱਧਰ ’ਤੇ ਛਾਂਦਾਰ ਅਤੇ ਫਲਦਾਰ ਬੂਟੇ ਲਗਾਏ ਗਏ। ਇਸ ਦੇ ਨਾਲ ਹੀ ਪਹਿਲਾਂ ਲਗਾਏ ਜਾ ਚੁੱਕੇ ਬੂਟਿਆਂ ਦੀ ਸਾਂਭ ਸੰਭਾਲ ਦੇ ਯਤਨ ਕੀਤੇ ਗਏ। ਬੂਟਿਆਂ ਨੇੜਿਓਂ ਘਾਹ ਫੂਸ ਹਟਾਇਆ ਗਿਆ ਅਤੇ ਪਾਣੀ ਪਾਇਆ ਗਿਆ। ਸੇਵਾਦਾਰਾਂ ਨੇ ਬੂਟੇ ਲਗਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਸੁਰੱਖਿਅਤ ਰੱਖਣ ਲਈ ਲੋੜੀਂਦੇ ਪ੍ਰਬੰਧ ਵੀ ਕੀਤੇ, ਤਾਂ ਜੋ ਇਹ ਬੂਟੇ ਸਹੀ ਢੰਗ ਨਾਲ ਵਿਕਸਤ ਹੋ ਸਕਣ। ਇਸ ਮੌਕੇ ਪਿੰਡ ਸਭਰਾ ਦੀ ਸੰਗਤ ਅਤੇ ਰਸਤੇ ਵਿਚ ਜਾ ਰਹੇ ਰਾਹਗੀਰਾਂ ਨੂੰ ਬੂਟੇ ਵੰਡੇ ਅਤੇ ਆਪਣੇ ਆਪਣੇ ਘਰਾਂ ਤੇ ਖੇਤਾਂ ਵਿਚ ਬੂਟੇ ਲਗਾਉਣ ਦੀ ਪ੍ਰੇਰਨਾ ਕੀਤੀ। ਇਸ ਮੌਕੇ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਨੇ ਵੱਡੇ ਉਤਸ਼ਾਹ ਨਾਲ ਸੇਵਾ ਨਿਭਾਈ ਅਤੇ ਵਾਤਾਵਰਨ ਸੰਭਾਲ ਲਈ ਸੰਪਰਦਾਇ ਵਲੋਂ ਚਲਾਈ ਜਾ ਰਹੀ ਇਸ ਮੁਹਿੰਮ ਦੀ ਭਰਪੂਰ ਸ਼ਲਾਘਾ ਕੀਤੀ। ਸੇਵਾ ਵਿਚ ਬਾਬਾ ਮੰਗਤ ਸਿੰਘ ਝਾੜ ਸਾਹਿਬ ਵਾਲੇ, ਕੰਵਲਜੀਤ ਸਿੰਘ ਠੱਠਾ ਅਤੇ ਹੋਰ ਕਈ ਪਤਵੰਤੇ ਸੱਜਣਾਂ ਨੇ ਹਾਜ਼ਰੀ ਭਰ ਕੇ ਆਪਣਾ ਯੋਗਦਾਨ ਪਾਇਆ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਨੌਜਵਾਨ ਸੇਵਾਦਾਰ, ਬਜ਼ੁਰਗ, ਮਹਿਲਾਵਾਂ ਅਤੇ ਵੱਖ-ਵੱਖ ਪਿੰਡਾਂ ਤੋਂ ਪਹੁੰਚੀਆਂ ਸੰਗਤਾਂ ਨੇ ਪੂਰੇ ਉਤਸ਼ਾਹ ਨਾਲ ਬੂਟੇ ਲਗਾਏ ਅਤੇ ਉਨ੍ਹਾਂ ਦੀ ਸੰਭਾਲ ਦਾ ਵੀ ਅਹਿਦ ਕੀਤਾ। ਸੰਪਰਦਾਇ ਵਲੋਂ ਆਉਣ ਵਾਲੇ ਦਿਨਾਂ ਵਿਚ ਵੀ ਵੱਖ-ਵੱਖ ਇਲਾਕਿਆਂ ਵਿਚ ਇਹ ਬੂਟੇ ਲਗਾਉਣ ਦੀ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਇਸ ਸਾਲ ਨਿਰਧਾਰਤ ਡੇਢ ਲੱਖ ਬੂਟੇ ਲਗਾਉਣ ਦੇ ਟੀਚੇ ਨੂੰ ਪੂਰਾ ਕਰਕੇ ਪੰਜਾਬ ਦੀ ਧਰਤੀ ਨੂੰ ਹੋਰ ਹਰਿਆ-ਭਰਿਆ ਬਣਾਉਣ ਲਈ ਯਤਨ ਜਾਰੀ ਰੱਖੇ ਜਾਣਗੇ।
ਪਿਛਲੀ ਖ਼ਬਰ ਖਡੂਰ ਸਾਹਿਬ ਵਿਖੇ ਬੰਦ ਦਾ ਅਸਰ ਨਹੀਂ ਦਿਸਿਆ, ਬਾਜ਼ਾਰ ਆਮ ਵਾਂਗ ਖੁੱਲ੍ਹੇ ਰਹੇ ਅਗਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।