02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਬੈਗਾਂ ’ਤੇ ਤਸਵੀਰਾਂ ਲਗਾ ਕੇ ਨਹੀਂ, ਅਧਿਆਪਕਾਂ ਦੀ ਘਾਟ ਪੂਰੀ ਕਰ ਕੇ ਆਵੇਗੀ ਅਸਲ ਸਿੱਖਿਆ ਕ੍ਰਾਂਤੀ- ਬੀਬਾ ਰਮਨਦੀਪ ਕੌਰ ਸੇਰੋਂ

ਅਜੀਤ ਡੈਸਕ 01-08-2026
ਤਰਨ ਤਾਰਨ, 31 ਜੁਲਾਈ (ਹਰਿੰਦਰ ਸਿੰਘ)–ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੰਡੇ ਜਾ ਰਹੇ ਬੈਗਾਂ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਛਾਪਣ ਦੇ ਮਾਮਲੇ ‘ਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਸੇਰੋਂ ਨੇ ਤਿੱਖਾ ਪ੍ਰਤੀਕਰਮ ਦਿੰਦਿਆਂ ਆਮ ਆਦਮੀ ਪਾਰਟੀ ਦੀ ਕਥਿਤ ‘ਸਿੱਖਿਆ ਕ੍ਰਾਂਤੀ’ ਉੱਤੇ ਕਈ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਬੀਬਾ ਰਮਨਦੀਪ ਕੌਰ ਸੇਰੋਂ ਨੇ ਕਿਹਾ ਕਿ ਬੱਚਿਆਂ ਨੂੰ ਬੈਗ ਵੰਡਣਾ ਇਕ ਚੰਗੀ ਪਹਿਲ ਹੋ ਸਕਦੀ ਹੈ, ਪਰ ਸਰਕਾਰੀ ਸਮਾਨ ਉੱਤੇ ਮੁੱਖ ਮੰਤਰੀ ਦੀ ਤਸਵੀਰ ਲਗਾ ਕੇ ਸਰਕਾਰੀ ਸਕੂਲਾਂ ਨੂੰ ਸਿਆਸੀ ਪ੍ਰਚਾਰ ਦਾ ਸਾਧਨ ਬਣਾਉਣਾ ਠੀਕ ਨਹੀਂ। ਉਨ੍ਹਾਂ ਕਿਹਾ ਕਿ ਬੈਗਾਂ ਉੱਤੇ ਤਸਵੀਰਾਂ ਲਗਾਉਣ ਨਾਲ ਵਿਦਿਆਰਥੀਆਂ ਦਾ ਭਵਿੱਖ ਸੁਰੱਖਿਅਤ ਨਹੀਂ ਹੋ ਸਕਦਾ। ਪੰਜਾਬ ਦੇ ਅਨੇਕਾਂ ਸਰਕਾਰੀ ਸਕੂਲ ਅੱਜ ਵੀ ਅਧਿਆਪਕਾਂ ਦੀ ਭਾਰੀ ਘਾਟ ਨਾਲ ਜੂਝ ਰਹੇ ਹਨ। ਕਈ ਸਕੂਲਾਂ ਵਿਚ ਲੋੜੀਂਦੇ ਵਿਸ਼ਿਆਂ ਦੇ ਅਧਿਆਪਕ ਹੀ ਨਹੀਂ ਹਨ ਅਤੇ ਜੋ ਅਧਿਆਪਕ ਮੌਜੂਦ ਹਨ, ਉਨ੍ਹਾਂ ਦੀਆਂ ਡਿਊਟੀਆਂ ਵੀ ਵੱਖ-ਵੱਖ ਸਰਕਾਰੀ ਸਰਵੇ ਅਤੇ ਗੈਰ-ਅਧਿਆਪਨ ਕੰਮਾਂ ਵਿਚ ਲਗਾਈਆਂ ਜਾਂਦੀਆਂ ਹਨ। ਅਜਿਹੇ ਹਾਲਾਤਾਂ ਵਿਚ ਸਰਕਾਰ ਕਿਸ ਆਧਾਰ ‘ਤੇ ਇਹ ਦਾਅਵਾ ਕਰਦੀ ਹੈ ਕਿ ਪੰਜਾਬ ਵਿੱਚ ਸਿੱਖਿਆ ਦਾ ਮਿਆਰ ਉੱਚਾ ਹੋ ਰਿਹਾ ਹੈ। ਸਿਰਫ਼ ਸਕੂਲਾਂ ਦੇ ਨਾਮ ਬਦਲ ਦੇਣਾ, ਸਕੂਲਾਂ ਨੂੰ ਕਿਸੇ ਪਾਰਟੀ ਦੇ ਝੰਡੇ ਨਾਲ ਮਿਲਦੇ-ਜੁਲਦੇ ਰੰਗਾਂ ਵਿਚ ਰੰਗ ਦੇਣਾ ਜਾਂ ਪ੍ਰਚਾਰਕ ਮੁਹਿੰਮਾਂ ਚਲਾਉਣਾ ਸਿੱਖਿਆ ਕ੍ਰਾਂਤੀ ਨਹੀਂ ਹੁੰਦੀ। ਅਸਲ ਸਿੱਖਿਆ ਕ੍ਰਾਂਤੀ ਤਾਂ ਉਦੋਂ ਹੋਵੇਗੀ ਜਦੋਂ ਹਰ ਸਕੂਲ ਅਤੇ ਕਾਲਜ ਵਿਚ ਲੋੜ ਅਨੁਸਾਰ ਅਧਿਆਪਕ ਹੋਣ, ਵਿਦਿਆਰਥੀਆਂ ਨੂੰ ਸਮੇਂ ਦੀ ਲੋੜ ਮੁਤਾਬਕ ਨਵੇਂ ਵਿਸ਼ੇ ਪੜ੍ਹਾਏ ਜਾਣ ਅਤੇ ਸਿੱਖਿਆ ਦਾ ਬੁਨਿਆਦੀ ਢਾਂਚਾ ਮਜ਼ਬੂਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਈ ਸਰਕਾਰੀ ਕਾਲਜ ਵੀ ਅਧਿਆਪਕਾਂ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ ਅਤੇ ਅੱਜ ਦੇ ਸਮੇਂ ਦੀਆਂ ਲੋੜਾਂ ਮੁਤਾਬਕ ਨਵੇਂ ਕੋਰਸ ਅਤੇ ਵਿਸ਼ੇ ਸ਼ੁਰੂ ਕਰਨ ਵੱਲ ਵੀ ਲੋੜੀਂਦਾ ਧਿਆਨ ਨਹੀਂ ਦਿੱਤਾ ਜਾ ਰਿਹਾ।
ਪਿਛਲੀ ਖ਼ਬਰ ਨੌਸ਼ਹਿਰਾ ਪੰਨੂੰਆਂ ਤੋਂ ਭੱਠਲ ਭਾਈਕੇ-ਡੇਹਰਾ ਸਾਹਿਬ ਸੜਕ ਦੇ ਮੰਦੇ ਹਾਲ-ਤਰਸੇਮ ਸਿੰਘ ਲੁਹਾਰ ਅਗਲੀ ਖ਼ਬਰ ਇਕ ਕਿਲੋ 17 ਗ੍ਰਾਮ ਹੈਰੋਇਨ ਅਤੇ 4 ਪਿਸਟਲਾਂ ਸਮੇਤ ਤਸਕਰ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।