ਭਾਰਤੀ ਕਮਿਊਨਿਸਟ ਪਾਰਟੀ ਹਮੇਸ਼ਾ ਭਾਈਚਾਰਕ ਏਕਤਾ ਤੇ ਸਾਂਝੀਵਾਲਤਾ ਦੀ ਮੁਦੱਈ - ਕਾ. ਹਰਭਜਨ ਸਿੰਘ
ਫਤਿਆਬਾਦ, 7 ਅਗਸਤ (ਹਰਵਿੰਦਰ ਸਿੰਘ ਧੂੰਦਾ)-ਭਾਰਤੀ ਕਮਿਊਨਿਸਟ ਪਾਰਟੀ ਬਲਾਕ ਖਡੂਰ ਸਾਹਿਬ ਵਲੋਂ ਪੰਜਾਬ ਦੇ ਕਾਲੇ ਦੌਰ ਵਿਚ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਬਹਾਦਰ ਕਾ. ਅਜੀਤ ਰਾਮ ਤੇ ਬੇਟੇ ਬੱਬਲੂ, ਮੁਖਤਾਰ ਸਿੰਘ ਫਤਿਆਬਾਦ, ਦਲਬੀਰ ਸਿੰਘ ਨਾਗੋਕੇ ਤੇ ਤਿਲਕ ਰਾਜ ਭਾਂਬੜ ਦੀ ਯਾਦ ਵਿਚ ਸ਼ਹੀਦੀ ਸਮਾਗਮ ਕੀਤਾ।
ਕ
ਕਾਮਰੇਡ ਮੀਟਿੰਗ ਦੌਰਾਨ ਹਾਜ਼ਰੀਨ। ਤਸਵੀਰ: ਧੂੰਦਾ
08-08-2026
ਫਤਿਆਬਾਦ, 7 ਅਗਸਤ (ਹਰਵਿੰਦਰ ਸਿੰਘ ਧੂੰਦਾ)-ਭਾਰਤੀ ਕਮਿਊਨਿਸਟ ਪਾਰਟੀ ਬਲਾਕ ਖਡੂਰ ਸਾਹਿਬ ਵਲੋਂ ਪੰਜਾਬ ਦੇ ਕਾਲੇ ਦੌਰ ਵਿਚ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਬਹਾਦਰ ਕਾ. ਅਜੀਤ ਰਾਮ ਤੇ ਬੇਟੇ ਬੱਬਲੂ, ਮੁਖਤਾਰ ਸਿੰਘ ਫਤਿਆਬਾਦ, ਦਲਬੀਰ ਸਿੰਘ ਨਾਗੋਕੇ ਤੇ ਤਿਲਕ ਰਾਜ ਭਾਂਬੜ ਦੀ ਯਾਦ ਵਿਚ ਸ਼ਹੀਦੀ ਸਮਾਗਮ ਕੀਤਾ। ਸਮਾਗਮ ਦੀ ਪ੍ਰਧਾਨਗੀ ਕਾ. ਦਰਸ਼ਨ ਸਿੰਘ ਬਿਹਾਰੀਪੁਰ, ਸੁਖਦੇਵ ਸਿੰਘ ਭਲਾਈਪੁਰ ਤੇ ਹਰਜੀਤ ਕੌਰ ਨੇ ਕੀਤੀ। ਇਸ ਮੌਕੇ ਇਸ ਸੰਖੇਪ ਪਰ ਭਾਵਪੂਰਤ ਸਮਾਗਮ ਨੂੰ ਸੰਬੋਧਨ ਕਰਨ ਲਈ ਉਚੇਚੇ ਤੌਰ ’ਤੇ ਸ਼ਾਮਿਲ ਹੋਏ ਪਾਰਟੀ ਦੇ ਬਜ਼ੁਰਗ ਆਗੂ ਕਾ. ਹਰਭਜਨ ਸਿੰਘ ਨੇ ਕਿਹਾ ਕਿ ਅੱਜ ਤੋਂ 40 - 50 ਸਾਲ ਪਹਿਲਾਂ ਪੰਜਾਬ ਨੂੰ ਅੱਗ ਵਿਚ ਝੋਕਣ ਵਾਲੇ ਲੋਕਾਂ ਨੇ ਪੰਜਾਬ ਦੇ ਹਿੰਦੂ ਸਿੱਖਾਂ ਨੂੰ ਲੜਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਸਮੇਂ ਦੀਆਂ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਤੇ ਸਾਮਰਾਜ ਦੀਆਂ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਧਰਮ ਦੇ ਨਾਂਅ ਪੰਜਾਬ ਨੂੰ ਕਤਲਗਾਹ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਭਾਰਤੀ ਕਮਿਊਨਿਸਟ ਪਾਰਟੀ ਤੇ ਹੋਰ ਅਗਾਂਹਵਧੂ ਲੋਕਾਂ ਨੇ ਆਪਣੀ ਜਾਨ ਤਲੀ ਤੇ ਰੱਖ ਕੇ ਪੰਜਾਬ ਦੀ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਕੰਮ ਕੀਤਾ। ਇਸੇ ਕਰਕੇ ਇਸ ਇਲਾਕੇ ਦੇ ਪੰਜ ਸਾਥੀਆਂ ਸਮੇਤ ਪੰਜਾਬ ਵਿਚ ਲਗਪਗ ਤਿੰਨ ਸੌ ਕਾਮਰੇਡਾਂ ਨੇ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਆਪਣੀਆਂ ਜਾਨਾਂ ਵਾਰੀਆਂ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਿਚੋਂ ਬੇਰੁਜ਼ਗਾਰੀ, ਭੁੱਖਮਰੀ, ਭ੍ਰਿਸ਼ਟਾਚਾਰ ਖ਼ਤਮ ਕਰਕੇ ਇਕ ਵਧੀਆ ਰਾਜ ਪ੍ਰਬੰਧ ਦੀ ਲੋੜ ਹੈ, ਜਿਸ ਵਿਚ ਹਰ ਬੱਚੇ ਸਾਰੀ ਸਿੱਖਿਆ ਮੁਫ਼ਤ ਤੇ ਲਾਜ਼ਮੀ ਹੋਵੇ ਅਤੇ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਹਰ ਕੁੜੀ-ਮੁੰਡੇ ਲਈ ਕੰਮ ਮਿਲਣ ਦੀ ਗਰੰਟੀ ਹੋਵੇ। ਇਸ ਕੰਮ ਲਈ ਮਿਹਨਤਕਸ਼ ਲੋਕਾਂ ਨੂੰ ਜਾਗਰੂਕ ਕਰਕੇ ਦੇਸ਼ ਵਿਚ ਸਮਾਜਵਾਦੀ ਇਨਕਲਾਬ ਦੀ ਲੋੜ ਹੈ। ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾ. ਦਵਿੰਦਰ ਸੋਹਲ ਨੇ ਕਿਹਾ ਕਿ ਭਾਰਤੀ ਕਮਿਊਨਿਸਟ ਪਾਰਟੀ ਵਲੋਂ ਸ਼ਹੀਦਾਂ ਦੇ ਸੁਪਨੇ ਪੂਰੇ ਕਰਨ ਲਈ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਪਹਿਲੀ ਸਤੰਬਰ ਨੂੰ ਦਿੱਲੀ ਵਿਖੇ ‘ਬਦਲਾਅ ਜ਼ਰੂਰੀ ਰੈਲੀ’ ਹੈ। ਇਸ ਰੈਲੀ ਵਿਚ ਸਾਡੇ ਹਰ ਮਿਹਨਤਕਸ਼ ਮਜ਼ਦੂਰ ਕਿਸਾਨ ਛੋਟੇ ਕਾਰੋਬਾਰੀਆਂ ਨੂੰ ਰੈਲੀ ਨੂੰ ਕਾਮਯਾਬ ਕਰਨ ਤਨ-ਮਨ-ਧਨ ਨਾਲ ਸੇਵਾ ਕਰਨੀ ਚਾਹੀਦੀ ਹੈ। ਇਸ ਮੌਕੇ ਪੰਜਾਬ ਇਸਤਰੀ ਸਭਾ ਦੀ ਸੂਬਾ ਪ੍ਰਧਾਨ ਰਾਜਿੰਦਰਪਾਲ ਕੌਰ, ਜ਼ਿਲ੍ਹਾ ਸਕੱਤਰ ਸੀਮਾ ਸੋਹਲ, ਟਰੇਡ ਯੂਨੀਅਨ ਆਗੂ ਗੁਰਦਿਆਲ ਸਿੰਘ ਖਡੂਰ ਸਾਹਿਬ ਤੇ ਗੁਰਪ੍ਰੀਤ ਸਿੰਘ ਗੰਡੀਵਿੰਡ, ਪਾਰਟੀ ਦੇ ਬਲਾਕ ਸਕੱਤਰ ਬਲਜੀਤ ਸਿੰਘ ਫਤਿਆਬਾਦ, ਕੁੱਲ ਹਿੰਦ ਕਿਸਾਨ ਸਭਾ ਦੇ ਸਕੱਤਰ ਬਲਕਾਰ ਸਿੰਘ ਵਲਟੋਹਾ ਤੇ ਬਲਾਕ ਪ੍ਰਧਾਨ ਬਲਦੇਵ ਸਿੰਘ ਧੂੰਦਾ, ਨੌਜਵਾਨ ਸਭਾ ਦੇ ਆਗੂ ਗੁਰਚਰਨ ਸਿੰਘ ਕੰਡਾ, ਜਗੀਰ ਸਿੰਘ ਭਰੋਵਾਲ, ਜਗਤਾਰ ਸਿੰਘ ਤੇ ਜਸਵੰਤ ਸਿੰਘ ਖਡੂਰ ਸਾਹਿਬ, ਦਲਬੀਰ ਸਿੰਘ, ਸਲਵਿੰਦਰ ਸਿੰਘ ਗਗੜੇਵਾਲ, ਜਤਿੰਦਰ ਕੁਮਾਰ ਮੁਗਲਾਣੀ, ਜਸਵੰਤ ਸਿੰਘ ਫਤਿਆਬਾਦ ਨੇ ਵੀ ਆਪਣੇ ਵਿਚਾਰ ਰੱਖੇ।