ਲੁਧਿਆਣਾ, 27 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਟਿੱਬਾ ਰੋਡ ਦੇ ਨੇੜੇ ਅੱਜ ਦੁਪਹਿਰ ਬਾਅਦ ਚੱਲੀ ਗੋਲੀ ਕਾਰਨ ਇਕ ਕਾਰੋਬਾਰੀ ਜ਼ਖਮੀ ਹੋ ਗਿਆ ਹੈ | ਜ਼ਖਮੀ ਹੋਏ ਕਾਰੋਬਾਰੀ ਦਿਨੇਸ਼ ਕੁਮਾਰ ਸ਼ਰਮਾ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ | ਦਿਨੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਅੱਜ ਦੁਪਹਿਰ ਬਾਅਦ ਉਹ ਆਪਣੇ ਐਕਟੀਵਾ ਸਕੂਟਰ 'ਤੇ ਜਾ ਰਿਹਾ ਸੀ ਕਿ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਚਲਾਈਆਂ ਗਈਆਂ ਗੋਲੀਆਂ ਦੌਰਾਨ ਇਕ ਗੋਲੀ ਉਸ ਦੀ ਬਾਂਹ 'ਤੇ ਲੱਗ ਗਈ ਅਤੇ ਉਸ ਦੇ ਖ਼ੂਨ ਵਗਣ ਲੱਗ ਪਿਆ | ਉਸ ਨੇ ਦੱਸਿਆ ਕਿ ਉਸ ਨੇ ਇਸ ਸਬੰਧੀ ਆਪਣੇ ਦੋਸਤ ਨੂੰ ਸੂਚਿਤ ਕੀਤਾ, ਜੋ ਕਿ ਉਸ ਨੂੰ ਹਸਪਤਾਲ ਲੈ ਕੇ ਆਇਆ | ਡਾਕਟਰਾਂ ਵਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ | ਉਸ ਨੇ ਦੱਸਿਆ ਕਿ ਗੋਲੀ ਕਿਸ ਵਲੋਂ ਚਲਾਈ ਗਈ ਹੈ, ਉਸ ਬਾਰੇ ਨਹੀਂ ਪਤਾ ਹੈ | ਉਸ ਨੇ ਆਸ ਪਾਸ ਦੇ ਇਲਾਕਿਆਂ ਵਿਚ ਜਾ ਕੇ ਜਾਂਚ ਦੀ ਵੀ ਕੋਸ਼ਿਸ਼ ਕੀਤੀ, ਪਰ ਉਸ ਨੂੰ ਹਮਲਾਵਰਾਂ ਦਾ ਪਤਾ ਨਹੀਂ ਲੱਗਿਆ | ਦਿਨੇਸ਼ ਵਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕਰਨ ਬਾਰੇ ਕਿਹਾ ਜਾ ਰਿਹਾ ਹੈ, ਪਰ ਦੇਰ ਸ਼ਾਮ ਤੱਕ ਇਸ ਸਬੰਧੀ ਪੁਲਿਸ ਨੂੰ ਕੋਈ ਸੁਰਾਗ ਨਹੀਂ ਲੱਗਾ ਸੀ | ਦਿਨ ਦਿਹਾੜੇ ਵਾਪਰੀ ਇਸ ਵਾਰਦਾਤ ਕਾਰਨ ਇਲਾਕੇ ਵਿਚ ਡਰ ਤੇ ਦਹਿਸ਼ਤ ਦਾ ਮਾਹੌਲ ਹੈ |