ਲੁਧਿਆਣਾ, 28 ਫਰਵਰੀ (ਭੁਪਿੰਦਰ ਸਿੰਘ ਬੈਂਸ)-ਵਾਰਡ ਨੰਬਰ 88 ਸਥਿਤ ਬਸੰਤ ਨਗਰ ਗਲੀ ਨੰਬਰ 2 ਦੇ ਬਾਹਰ ਨਾਲੇ ਦੇ ਕਿਨਾਰੇ ਸਰਕਾਰੀ ਜ਼ਮੀਨ 'ਤੇ ਕਥਿਤ ਤੌਰ 'ਤੇ ਨਾਜਾਇਜ਼ ਦੁਕਾਨਾਂ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ | ਇਲਾਕਾ ਨਿਵਾਸੀਆਂ ਵਲੋ ਦਾਅਵਾ ਕੀਤਾ ਜਾ ਰਿਹਾ ਹੈ ਕਿ ਜ਼ਮੀਨ 'ਤੇ ਚਾਰ ਦੁਕਾਨਾਂ ਦੀ ਉਸਾਰੀ ਕੀਤੀ ਜਾ ਰਹੀ ਹੈ, ਜਦਕਿ ਇਹ ਜ਼ਮੀਨ ਨਗਰ ਨਿਗਮ ਦੇ ਅਧੀਨ ਆਉਂਦੀ ਹੈ | ਸਥਾਨਕ ਲੋਕਾਂ ਮੁਤਾਬਿਕ ਇਕ ਵਿਅਕਤੀ ਵਲੋਂ ਇਸ ਜ਼ਮੀਨ ਦੀ ਰਜਿਸਟਰੀ ਹੋਣ ਦਾ ਦਾਅਵਾ ਕਰਦੇ ਹੋਏ ਦੁਕਾਨਾਂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦਕਿ ਨਿਵਾਸੀਆਂ ਦਾ ਕਹਿਣਾ ਹੈ ਕਿ ਇਹ ਜ਼ਮੀਨ ਸਰਕਾਰੀ ਹੈ ਅਤੇ ਇਸ ਦੀ ਕੋਈ ਨਿੱਜੀ ਰਜਿਸਟਰੀ ਨਹੀਂ ਹੋ ਸਕਦੀ | ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਨਗਰ ਨਿਗਮ ਇਸ ਜ਼ਮੀਨ 'ਤੇ ਨਾਜਾਇਜ਼ ਨਿਰਮਾਣ ਦੀ ਥਾਂ ਸੜਕ ਬਣਾਏ ਜਾਂ ਪੌਦੇ ਲਗਾਏ ਜਾਣ ਤਾਂ ਜੋ ਇਲਾਕੇ ਦਾ ਸੁਧਾਰ ਹੋ ਸਕੇ |
ਵਿਧਾਇਕ ਮਦਨ ਲਾਲ ਬੱਗਾ ਅਤੇ ਕੌਂਸਲਰ ਨੀਰਜ ਆਹੂਜਾ ਨੇ ਦੋਸ਼ਾਂ ਨੰੂ ਦੱਸਿਆ ਬੇਬੁਨਿਆਦ
ਇਸ ਮਾਮਲੇ ਵਿਚ ਕੁੱਝ ਨਿਵਾਸੀਆਂ ਵਲੋਂ ਕਥਿਤ ਤੌਰ 'ਤੇ ਇਲਾਕਾ ਵਿਧਾਇਕ ਮਦਨ ਲਾਲ ਬੱਗਾ ਤੇ ਕੌਂਸਲਰ ਨੀਰਜ ਆਹੂਜਾ ਦਾ ਨਾਂਅ ਵੀ ਲਿਆ ਗਿਆ ਹੈ | ਹਾਲਾਂਕਿ ਜਦ ਇਸ ਸੰਬੰਧੀ ਦੋਵਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਸਾਰੇ ਦੋਸ਼ਾਂ ਨੰੂ ਬੇਬੁਨਿਆਦ ਕਰਾਰ ਦਿੱਤਾ | ਵਿਧਾਇਕ ਮਦਨ ਲਾਲ ਬੱਗਾ ਨੇ ਕਿਹਾ ਕਿ ਨਗਰ ਨਿਗਮ ਵਲੋਂ ਨਾਲੇ ਦੇ ਕਿਨਾਰੇ ਸਿਰਫ਼ ਸੜਕ ਅਤੇ ਦੀਵਾਰ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ, ਜਿਸ ਨਾਲ ਇਲਾਕਾ ਨਿਵਾਸੀਆਂ ਨੰੂ ਖਾਸ ਕਰਕੇ ਬਰਸਾਤੀ ਮੌਸਮ ਦੌਰਾਨ ਸਹੂਲਤ ਮਿਲੇਗੀ | ਉਨ੍ਹਾਂ ਕਿਹਾ ਕਿ ਸਰਕਾਰ ਸ਼ਹਿਰ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਵਿਕਾਸ ਕਾਰਜਾਂ ਵਿਚ ਕੋਈ ਕਮੀ ਨਹੀਂ ਛੱਡੀ ਜਾਵੇਗੀ | ਫਿਲਹਾਲ ਇਸ ਮਾਮਲੇ ਨੰੂ ਲੈ ਕੇ ਇਲਾਕੇ ਵਿਚ ਚਰਚਾ ਜਾਰੀ ਹੈ ਅਤੇ ਲੋਕਾਂ ਵਲੋਂ ਵਿਭਾਗਾਂ ਤੋਂ ਮੌਕੇ ਦੀ ਜਾਂਚ ਕਰਕੇ ਸਥਿਤੀ ਸਪੱਸ਼ਟ ਕਰਨ ਦੀ ਮੰਗ ਕੀਤੀ ਜਾ ਰਹੀ ਹੈ |
ਵਾਰਡ ਨੰਬਰ 88 'ਚ ਸਰਕਾਰੀ ਜ਼ਮੀਨ 'ਤੇ ਕਥਿਤ ਨਾਜਾਇਜ਼ ਦੁਕਾਨਾਂ ਬਣਾਉਣ ਨੰੂ ਲੈ ਕੇ ਸ਼ੁਰੂ ਹੋਇਆ ਵਿਵਾਦ <br/>
ਵਾਰਡ ਨੰਬਰ 88 ਸਥਿਤ ਬਸੰਤ ਨਗਰ ਦੀ ਗਲੀ ਨੰਬਰ 2 ਦੇ ਬਾਹਰ ਨਾਲੇ ਦੇ ਕਿਨਾਰੇ 'ਤੇ ਬਣਾਈਆਂ ਗਈਆਂ ਦੁਕਾਨਾਂ ਦੀ ਦੀਵਾਰ ਦਾ ਦਿ੍ਸ਼ | ਅਜੀਤ ਤਸਵੀਰ<br/>
01-03-2026