ਲੁਧਿਆਣਾ, 1 ਮਾਰਚ (ਪਰਮਿੰਦਰ ਸਿੰਘ ਆਹੂਜਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਕਰਵਾਏ ਜਾ ਰਹੇ ਫੋਮਰਾ ਸਵਦੇਸ਼ੀ ਮੇਲੇ ਦੇ ਆਖਰੀ ਦਿਨ ਐਤਵਾਰ ਨੂੰ ਮੇਲਾ ਮੈਦਾਨ ਖਾਲਸਾਈ ਰੰਗਾਂ ਵਿਚ ਰੰਗਿਆ ਨਜ਼ਰ ਆਇਆ | ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੱਤਕਾ ਮੁਕਾਬਲੇ ਕਰਵਾਏ ਗਏ | ਗੱਤਕਾ ਐਸੋਸੀਏਸ਼ਨ ਪੰਜਾਬ, ਲੁਧਿਆਣਾ ਦੀ ਗੱਤਕਾ ਐਸੋਸੀਏਸ਼ਨ ਅਤੇ ਸ੍ਰੀ ਗੁਰੂ ਹਰਿਰਾਇ ਸਾਹਿਬ ਗੱਤਕਾ ਅਖਾੜਾ ਦੇ ਸਹਿਯੋਗ ਨਾਲ ਕਰਵਾਏ ਗਏ ਗੱਤਕਾ ਮੁਕਾਬਲਿਆਂ ਵਿਚ ਛੋਟੇ ਬੱਚਿਆਂ ਤੋਂ ਲੈ ਕੇ ਹਰ ਉਮਰ ਦੇ ਨਿਹੰਗ ਸਿੰਘਾਂ ਨੇ ਖਾਲਸਾਈ ਬਾਣੇ ਧਾਰਨ ਕਰਕੇ ਸਿੱਖੀ ਦੀ ਪਹਿਚਾਣ ਗਤਕੇ ਦੇ ਜੌਹਰ ਦਿਖਾਏ | ਜੈਕਾਰਿਆਂ ਦੀ ਗੂੰਜ ਨਾਲ ਸਟੇਜ 'ਤੇ ਲਹਿਰਾਉਂਦੇ ਖਾਲਸਾਈ ਨਿਸ਼ਾਨ ਸਾਹਿਬ ਅਤੇ ਗੁਰੂ ਦੀ ਲਾਡਲੀ ਫੌਜ ਦੇ ਨਿਹੰਗ ਸਿੰਘਾਂ ਵੱਲੋਂ ਹਥਿਆਰਾਂ ਦੀ ਪ੍ਰਦਰਸ਼ਨੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ | ਸਟੇਜ 'ਤੇ ਇਕ ਤੋਂ ਬਾਅਦ ਇਕ ਗਤਕੇ ਦੇ ਕਰਤੱਬ ਅਤੇ ਹਥਿਆਰਾਂ ਦੇ ਪ੍ਰਦਰਸ਼ਨ ਅਤੇ ਚਾਰੇ ਪਾਸੇ ਗੂੰਜਦੇ ਜੈਕਾਰਿਆਂ ਨੂੰ ਦੇਖ ਲੁਧਿਆਣੇ ਦੀ ਧਰਤੀ 'ਤੇ ਆਨੰਦਪੁਰ ਵਰਗੇ ਹੋਲੇ-ਮਹਲੇ ਦੀ ਝਲਕ ਦੇਖਣ ਨੂੰ ਮਿਲੀ | ਮੇਲਾ ਮੁਖੀ ਗੁਰਦੀਪ ਸਿੰਘ ਗੋਸ਼ਾ ਨੇ ਸਵਦੇਸ਼ੀ ਮੇਲੇ ਦੇ ਮੰਚ ਤੇ ਗਤਕਾ ਮੁਕਾਬਲੇ ਅਤੇ ਖ਼ਾਲਸਾਈ ਬਾਣੇ ਵਿੱਚ ਸ਼ਸ਼ਤਰਾਂ ਨਾਲ ਸਟੇਜ ਤੇ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਟੀਮਾਂ ਨੂੰ ਇਨਾਮ ਤਕਸੀਮ ਕਰਕੇ ਸਿੱਖੀ ਦੇ ਪੁਰਾਤਨ ਵਿਰਸੇ ਤੋਂ ਜਾਣੂ ਕਰਵਾਇਆ | ਗੁਰਦੀਪ ਸਿੰਘ ਗੋਸ਼ਾ ਨੇ ਸਵਦੇਸ਼ੀ ਮੇਲੇ ਦੇ ਆਖ਼ਰੀ ਦਿਨ ਗਤਕੇ ਦੇ ਸ਼ਾਨਦਾਰ ਪ੍ਰਦਰਸ਼ਨ ਰਾਹੀਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਜਦਾ ਕੀਤਾ | ਉਨ੍ਹਾਂ ਗੱਤਕਾ ਮੁਕਾਬਲਿਆਂ ਵਿੱਚ ਸਹਿਯੋਗ ਦੇਣ ਲਈ ਗੱਤਕਾ ਐਸੋਸੀਏਸ਼ਨ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਭਾਈ ਸਰਬਜੀਤ ਸਿੰਘ ਖਾਲਸਾ ਅਤੇ ਪ੍ਰਭਜੀਤ ਸਿੰਘ ਬੱਬੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਵਦੇਸ਼ੀ ਮੇਲੇ ਨੇ ਅਮਿੱਟ ਛਾਪ ਛੱਡ ਕੇ ਆਤਮ ਨਿਰਭਰ ਭਾਰਤ ਦੀ ਨੀਂਹ ਨੂੰ ਮਜ਼ਬੂਤ ਕੀਤਾ ਹੈ | ਇਸ ਤੋਂ ਪਹਿਲਾਂ ਪੰਜਾਬੀ ਗਾਇਕ ਨਰਿੰਦਰ ਮਾਵੀ ਵਲੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਗੀਤ ਦੀਆਂ ਸਤਰਾਂ ਉਸਰ ਰਹੀ ਖੂਨੀ ਦੀਵਾਰ, ਲਾਲ ਖੜੇ ਦੋ ਨੀਂਹਾਂ ਦੇ ਵਿਚਕਾਰ ਕੀ ਲਾਇਨੋ ਕੋ ਸੁਨ ਸਟੇਜ ਅੱਤੇ ਪੰਡਾਲ ਵਿੱਚ ਬੈਠੇ ਹਰ ਸ਼ਖਸ ਦੀਆਂ ਅੱਖਾ ਅੱਥਰੂਆਂ ਨਾਲ ਗਿਲੀਆ ਹੋ ਗਈਆਂ | ਦੂਜੇ ਪਾਸੇ ਐਤਵਾਰ ਨੂੰ ਸਵਦੇਸ਼ੀ ਮੇਲਾ ਐਕਸਪੋ-2026 ਵਿਚ ਭਾਰਤੀ ਉਤਪਾਦਾਂ ਦੀ ਖਰੀਦਦਾਰੀ ਲਈ ਭਾਰੀ ਭੀੜ ਉਮੜੀ | ਹਰ ਸਟਾਲ 'ਤੇ ਲੋਕ ਸਵਦੇਸ਼ੀ ਵਸਤੂਆਂ ਦੀ ਖਰੀਦੋ-ਫਰੋਖਤ 'ਚ ਰੁੱਝੇ ਰਹੇ | ਸਵਦੇਸ਼ੀ ਪਕਵਾਨ ਵੀ ਲੋਕਾਂ ਦੀ ਪਹਿਲੀ ਪਸੰਦ ਬਣ ਗਏ | ਬੱਚਿਆਂ ਨੇ ਸਵਦੇਸ਼ੀ ਮੇਲੇ ਵਿਚ ਲਗਾਏ ਗਏ ਵੱਖ-ਵੱਖ ਤਰ੍ਹਾਂ ਦੇ ਝੂਲਿਆਂ ਦਾ ਆਨੰਦ ਮਾਣਿਆ | ਇਸ ਮੌਕੇ ਮੇਲਾ ਸਰਪ੍ਰਸਤ ਹਰੀਸ਼ ਦੂਆ, ਮੇਲਾ ਕੋਆਰਡੀਨੇਟਰ ਮੋਹਿਤ ਗੁਪਤਾ, ਪ੍ਰਭਜੋਤ ਸਿੰਘ ਪੰਧੇਰ, ਗੌਰਵ ਅਰੋੜਾ, ਸ਼ਿਵ ਰਾਮ ਗੁਪਤਾ, ਚਰਨਪ੍ਰੀਤ ਸਿੰਘ ਮਿੰਕੀ ਅਤੇ ਡਰਾਇੰਗ ਰੂਮ ਰੈਸੋਟਰੇਂਟ ਦੇ ਐਮ.ਡੀ ਤਜਿੰਦਰ ਸਿੰਘ ਤੇ ਵਿਭੋਰ ਗਰਗ ਆਦਿ ਹਾਜ਼ਰ ਸਨ |
ਸਵਦੇਸ਼ੀ ਮੇਲੇ ਦੇ ਆਖਰੀ ਦਿਨ ਖ਼ਾਲਸਾਈ ਪੁਸ਼ਾਕਾਂ ਵਿਚ ਸਜੇ ਨਿਹੰਗ ਸਿੰਘਾਂ ਨੇ ਗਤਕੇ ਦੇ ਜੌਹਰ ਦਿਖਾਏ <br/>
ਅਜੀਤ ਡੈਸਕ
02-03-2026