ਆਲਮਗੀਰ, 1 ਮਾਰਚ (ਜਰਨੈਲ ਸਿੰਘ ਪੱਟੀ)-ਸਥਾਨਕ ਦੱਖਣੀ ਬਾਈਪਾਸ ਪਾਮ ਇਨਕਲੇਵ ਸਥਿਤ ਲਿਟਲ ਲਰਨਰਜ ਪ੍ਰੀਸਕੂਲ ਦਾ ਸਲਾਨਾ 11ਵਾਂ ਇਨਾਮ ਵੰਡ ਸਮਾਗਮ ਸਕੂਲ ਕਮੇਟੀ ਦੇ ਚੇਅਰਮੈਨ ਚਰਨਜੀਤ ਸਿੰਘ, ਸਕੂਲ ਡਾਇਰੈਕਟਰ ਮੈਡਮ ਪਰਵਿੰਦਰ ਕੌਰ ਦੀ ਅਗਵਾਈ ਹੇਠ ਧੂਮ-ਧਾਮ ਨਾਲ ਕਰਵਾਇਆ ਗਿਆ | ਇਸ ਮੌਕੇ ਪ੍ਰਸਿੱਧ ਪੰਜਾਬੀ ਸੂਫੀ ਗਾਇਕ ਦੇਵ ਹੀਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਧਾਰਮਿਕ ਸ਼ਬਦ ਨਾਲ ਸ਼ੁਰੂ ਹੋਏ ਸਲਾਨਾ ਇਨਾਮ ਵੰਡ ਸਮਾਰੋਹ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਗੀਤ, ਸਕਿਟ, ਡਾਂਸ, ਭੰਗੜਾ ਅਤੇ ਮੁਟਿਆਰਾਂ ਨੇ ਗਿੱਧਾ ਪਾ ਕੇ ਮਾਹੌਲ ਨੂੰ ਪੰਜਾਬੀ ਸੱਭਿਆਚਾਰ ਰੰਗ ਵਿੱਚ ਰੰਗ ਦਿੱਤਾ | ਛੋਟੇ, ਛੋਟੇ, ਨੰਨ੍ਹੇ ਮੁੰਨੇ ਵਿਦਿਆਰਥੀਆਂ ਵਲੋਂ ਪੇਸ਼ ਕੀਤੀਆਂ ਪੇਸ਼ਕਾਰੀਆਂ ਦਾ ਹਾਜ਼ਰੀਨ ਨੇ ਭਰਪੂਰ ਆਨੰਦ ਮਾਣਦਿਆਂ ਤਾੜੀਆਂ ਦੀ ਗੜਗੜਾਹਟ ਨਾਲ ਵਿਦਿਆਰਥੀਆਂ ਦਾ ਮਨੋਬਲ ਵਧਾਇਆ | ਸਮਾਗਮ ਦੌਰਾਨ ਸਟੇਜ ਤੇ ਵਿਦਿਆਰਥੀਆਂ ਦੀ 100 ਫੀਸਦੀ ਭਾਗੀਦਾਰੀ ਨੇ ਬੱਚਿਆਂ ਦੀ ਸਿੱਖਣ ਕਲਾ ਅਤੇ ਵਿੱਦਿਆ ਗ੍ਰਹਿਣ ਕਰਨ ਦੇ ਗੁਣ ਨੂੰ ਉਜਾਗਰ ਕੀਤਾ | ਉਪਰੰਤ ਸਕੂਲ ਡਾਇਰੈਕਟਰ ਮੈਡਮ ਪਰਵਿੰਦਰ ਕੌਰ ਨੇ ਆਏ ਮੁੱਖ ਮਹਿਮਾਨਾ ਅਤੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਸਕੂਲ ਦੀਆਂ ਪ੍ਰਾਪਤੀਆਂ ਨੂੰ ਦਰਸਾਉਂਦੀ ਸਲਾਨਾ ਰਿਪੋਰਟ ਪੇਸ਼ ਕੀਤੀ | ਅਖੀਰ ਵਿਚ ਚੇਅਰਮੈਨ ਚਰਨਜੀਤ ਸਿੰਘ, ਡਾਇਰੈਕਟਰ ਮੈਡਮ ਪਰਵਿੰਦਰ ਕੌਰ ਅਤੇ ਮੁੱਖ ਮਹਿਮਾਨਾਂ ਨੇ ਵਿਦਿਆਰਥੀਆਂ ਨੂੰ ਟਰਾਫੀਆਂ ਅਤੇ ਯਾਦਗਾਰੀ ਚਿੰਨ ਦੇ ਕੇ ਹੌਸਲਾ ਅਫਜਾਈ ਕਰਦਿਆਂ ਸਨਮਾਨਿਤ ਕੀਤਾ |