ਲੁਧਿਆਣਾ, 1 ਮਾਰਚ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਪੀ.ਏ.ਯੂ. ਗਰਾਊਾਡ ਵਿਚ ਲਗਾਇਆ ਗਿਆ ਸਵਦੇਸ਼ੀ ਮੇਲਾ ਦੇਸ਼ ਵਿਦੇਸ਼ ਵਿਚ ਵੱਸਦੇ ਪੰਜਾਬੀਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ | ਇਸ ਮੇਲੇ ਵਿਚ ਬਤੌਰ ਵਿਸ਼ੇਸ਼ ਮਹਿਮਾਨ ਪਹੁੰਚੇ ਭਾਜਪਾ ਦੀ ਪੰਜਾਬ ਕਾਰਜਕਾਰਨੀ ਦੇ ਮੈਂਬਰ ਤੇ ਪੰਜਾਬ ਮੀਡੀਅਮ ਉਦਯੋਗ ਵਿਕਾਸ ਬੋਰਡ ਦੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਟਿੱਕਾ ਨੇ ਆਖਿਆ ਕਿ ਅੱਜ ਔਰਤਾਂ ਮਰਦਾਂ ਨਾਲੋਂ ਵੀ ਕਈ ਖੇਤਰਾਂ ਵਿਚ ਤਾਂ ਵੱਧ ਤਰੱਕੀ ਕਰ ਰਹੀਆਂ ਹਨ, ਪਰ ਹਰੇਕ ਖੇਤਰ ਵਿਚ ਔਰਤਾਂ ਆਪਣੀ ਕਾਰਗੁਜ਼ਾਰੀ ਮਰਦਾਂ ਦੇ ਬਰਾਬਰ ਤਾਂ ਜ਼ਰੂਰ ਦਿਖਾ ਰਹੀਆਂ ਹਨ, ਜਿਸ ਦੇ ਸਿਰ 'ਤੇ ਉਨ੍ਹਾਂ ਦੇ ਕੰਮਾਂ ਨੂੰ ਦੁਨੀਆ ਭਰ ਵਿਚ ਵੱਸਦੇ ਲੋਕਾਂ ਲਈ ਇਕ ਮਿਸਾਲ ਵਜੋਂ ਦੇਖਿਆ ਜਾ ਰਿਹਾ ਹੈ | ਟਿੱਕਾ ਨੇ ਆਖਿਆ ਕਿ ਸਾਨੂੰ ਬੇਹੱਦ ਮਾਣ ਹੈ ਕਿ ਸਾਡੀਆਂ ਭੈਣਾਂ ਤੇ ਧੀਆਂ ਦੇਸ਼ ਵਿਦੇਸ਼ ਵਿਚ ਫੌਜ, ਡਾਕਟਰੀ, ਵਕਾਲਤ, ਵਪਾਰ ਅਤੇ ਹੋਰ ਕਿੱਤਿਆਂ ਵਿਚ ਬੜੇ ਮਾਣ ਨਾਲ ਵਿਚਰਦਿਆਂ ਹੋਈਆਂ ਵੱਡਾ ਨਾਮਣਾ ਖੱਟ ਰਹੀਆਂ ਹਨ ਅਤੇ ਆਉਣ ਵਾਲੇ ਸਮੇਂ ਵਿਚ ਇਹ ਹੋਰ ਵੀ ਤਨ ਦੇਹੀ ਨਾਲ ਮਿਹਨਤ ਕਰਕੇ ਵੱਡੀਆਂ ਵੱਡੀਆਂ ਮੰਜ਼ਿਲਾਂ ਸਰ ਕਰਨਗੀਆਂ | ਸਵਦੇਸ਼ੀ ਮੇਲੇ ਵਿਚ ਸਪਰਿੰਗ ਡੇਲ ਪਬਲਿਕ ਸਕੂਲ ਦੀ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ, ਮਾਲਵਿਕਾ ਸੂਦ, ਨਾਮਵਰ ਸਨਅਤਕਾਰ ਰਜਨੀ ਵੈਕਟਰ, ਫ਼ਿਲਮੀ ਅਦਾਕਾਰਾ ਨਿਰਮਲ ਰਿਸ਼ੀ ਅਤੇ ਵੁਮੈਨ ਕਮਿਸ਼ਨ ਦੀ ਚੇਅਰਪਰਸਨ ਸਮੇਤ ਅਨੇਕਾਂ ਔਰਤਾਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਬਦਲੇ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ ਗਿਆ | ਮੇਲੇ ਦੀ ਪ੍ਰਬੰਧਕ ਰਾਸ਼ੀ ਅਗਰਵਾਲ ਨੇ ਟਿੱਕਾ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ |