ਲੁਧਿਆਣਾ, 1 ਮਾਰਚ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੀ 18ਵੀਂ ਅਥਲੈਟਿਕ ਮੀਟ ਵਾਸਤੇ ਸਾਰੀਆਂ ਗਤੀਵਿਧੀਆਂ ਸੁਚਾਰੂ ਢੰਗ ਨਾਲ ਚੱਲ ਰਹੀਆਂ ਹਨ | ਇਹ ਜਾਣਕਾਰੀ ਵੈਟਰਨਰੀ ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਰਾਬਿੰਦਰ ਸਿੰਘ ਔਲਖ ਨੇ ਦਿੱਤੀ | ਉਨ੍ਹਾਂ ਕਿਹਾ ਕਿ ਇਸ ਅਥਲੈਟਿਕ ਮੀਟ ਦਾ ਉਦਘਾਟਨ ਗੁਰਮੀਤ ਸਿੰਘ ਖੁੱਡੀਆਂ, ਕੈਬਨਿਟ ਮੰਤਰੀ ਪੰਜਾਬ, ਖੇਤੀਬਾੜੀ, ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਫੂਡ ਪ੍ਰਾਸੈਸਿੰਗ ਸਵੇਰੇ 10 ਵਜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਗਰਾਊਾਡ ਵਿਚ ਕਰਨਗੇ | ਡਾ. ਜਤਿੰਦਰ ਪਾਲ ਸਿੰਘ ਗਿੱਲ ਉਪ-ਕੁਲਪਤੀ ਨੇ ਭਾਗ ਲੈਣ ਵਾਲੇ ਪ੍ਰਤੀਯੋਗੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਆਸ ਪ੍ਰਗਟਾਈ ਕਿ ਵੈਟਰਨਰੀ ਯੂਨੀਵਰਸਿਟੀ ਦੇ ਵਿਦਿਆਰਥੀ ਵਿੱਦਿਅਕ ਖੇਤਰ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿਚ ਵੀ ਯੂਨੀਵਰਸਿਟੀ ਅਤੇ ਰਾਸ਼ਟਰ ਦਾ ਨਾਂ ਉੱਚਾ ਕਰਨਗੇ | ਡਾ. ਬਿਲਾਵਲ ਸਿੰਘ ਪ੍ਰਬੰਧਕੀ ਸਕੱਤਰ ਨੇ ਜਾਣਕਾਰੀ ਦਿੱਤੀ ਕਿ ਅਥਲੈਟਿਕ ਮੀਟ ਵਿਚ ਯੂਨੀਵਰਸਿਟੀ ਦੇ ਲੁਧਿਆਣਾ ਕੈਂਪਸ ਵਿਚ ਸਥਾਪਿਤ ਕਾਲਜਾਂ, ਕਾਲਜ ਆਫ਼ ਵੈਟਰਨਰੀ ਸਾਇੰਸ, ਕਾਲਜ ਆਫ਼ ਫ਼ਿਸ਼ਰੀਜ਼, ਕਾਲਜ ਆਫ਼ ਐਨੀਮਲ ਬਾਇਉਤਕਨਾਲੋਜੀ, ਕਾਲਜ ਆਫ਼ ਡੇਅਰੀ ਅਤੇ ਫੂਡ ਸਾਇੰਸ ਤਕਨਾਲੋਜੀ ਤੋਂ ਇਲਾਵਾ ਕਾਲਜ ਆਫ਼ ਵੈਟਰਨਰੀ ਸਾਇੰਸ, ਰਾਮਪੁਰਾ ਫੂਲ (ਬਠਿੰਡਾ), ਵੈਟਰਨਰੀ ਪੌਲੀਟੈਕਨਿਕ, ਕਾਲਝਰਾਣੀ (ਬਠਿੰਡਾ) ਅਤੇ ਖ਼ਾਲਸਾ ਕਾਲਜ ਆਫ਼ ਵੈਟਰਨਰੀ ਅਤੇ ਐਨੀਮਲ ਸਾਇੰਸਜ਼, ਅੰਮਿ੍ਤਸਰ ਦੇ ਵਿਦਿਆਰਥੀ ਵੀ ਹਿੱਸਾ ਲੈਣਗੇ | ਡਾ. ਔਲਖ ਨੇ ਦੱਸਿਆ ਕਿ ਖਿਡਾਰੀਆਂ ਦੀ ਹਰ ਸਹੂਲਤ ਵਾਸਤੇ ਇੰਤਜ਼ਾਮ ਮੁਕੰਮਲ ਕਰ ਲਏ ਗਏ ਹਨ | ਮੁੱਢਲੀ ਸਹਾਇਤਾ, ਰਿਕਾਰਡ ਰੱਖਣ ਸਬੰਧੀ, ਗਰਾਊਾਡਾਂ ਦੇ ਪ੍ਰਬੰਧ ਸੰਬੰਧੀ ਅਤੇ ਕਿਸੇ ਹੋਰ ਅਚਨਚੇਤੀ ਲੋੜ ਵਾਸਤੇ ਜ਼ਿੰਮੇਵਾਰੀਆਂ ਨਿਰਧਾਰਿਤ ਕਰ ਦਿੱਤੀਆਂ ਗਈਆਂ ਹਨ | ਡਾ. ਪ੍ਰਤੀਕ ਸਿੰਘ ਧਾਲੀਵਾਲ, ਸੰਯੁਕਤ ਪ੍ਰਬੰਧਕੀ ਸਕੱਤਰ ਨੇ ਜਾਣਕਾਰੀ ਦਿੱਤੀ ਕਿ ਵਿਦਿਆਰਥੀਆਂ ਵਲੋਂ ਬਿਹਤਰੀਨ ਘੁੜਸਵਾਰੀ ਪ੍ਰਦਰਸ਼ਨ ਅਤੇ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ |