ਡਾਬਾ/ਲੁਹਾਰਾ, 29 ਅਪ੍ਰੈਲ (ਕੁਲਵੰਤ ਸਿੰਘ ਸੱਪਲ)-ਨਿਗਮ ਅਤੇ ਕੌਂਸਲ ਚੋਣਾਂ ਦੌਰਾਨ ਪਾਰਟੀ ਉਮੀਦਵਾਰਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਭਾਰਤੀ ਜਨਤਾ ਪਾਰਟੀ ਵਲੋਂ ਜਾਰੀ ਕੀਤੀ ਇੰਚਾਰਜਾਂ ਦੀ ਸੂਚੀ ਵਿਚ ਲੁਧਿਆਣਾ ਤੋਂ ਭਾਜਪਾ ਪੰਜਾਬ ਪੂਰਵਾਂਚਲ ਸੈੱਲ ਦੇ ਸੂਬਾ ਪ੍ਰਧਾਨ ਅਤੇ ਕੌਂਸਲਰ ਰਾਜੇਸ਼ ਮਿਸ਼ਰਾ ਨੂੰ ਕੁਰਾਲੀ ਨਗਰ ਕੌਂਸਲ ਲਈ ਚੋਣ ਇੰਚਾਰਜ ਨਿਯੁਕਤ ਕੀਤਾ ਹੈ | ਆਪਣੀ ਨਿਯੁਕਤੀ 'ਤੇ ਕੌਂਸਲਰ ਮਿਸ਼ਰਾ ਨੇ ਬੀ.ਜੇ.ਪੀ. ਸੂਬਾ ਇੰਚਾਰਜ ਡਾ. ਨਰਿੰਦਰ ਰੈਨਾ, ਸੂਬਾ ਪ੍ਰਧਾਨ ਸੁਨੀਲ ਜਾਖੜ, ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਸੰਗਠਨ ਮੰਤਰੀ ਨਿਵਾਸਲੂ, ਸੂਬਾ ਜਰਨਲ ਸਕੱਤਰ ਪਰਮਿੰਦਰ ਸਿੰਘ ਬਰਾੜ, ਅਨਿਲ ਸਰੀਨ, ਸੂਬਾ ਮੀਤ ਪ੍ਰਧਾਨ ਜਤਿੰਦਰ ਮਿੱਤਲ ਅਤੇ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਰਜਨੀਸ਼ ਧੀਮਾਨ ਸਮੇਤ ਸਮੁੱਚੀ ਲੀਡਰਸ਼ਿਪ ਦਾ ਜ਼ਿੰਮੇਵਾਰੀ ਦੇਣ 'ਤੇ ਧੰਨਵਾਦ ਕਰਦੇ ਹੋਏ ਕਿਹਾ ਕਿ ਪਾਰਟੀ ਵਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ | ਰਾਜੇਸ਼ ਮਿਸ਼ਰਾ ਨੇ ਕਿਹਾ ਨਿਗਮ ਅਤੇ ਕੌਂਸਲ ਚੋਣਾਂ ਵਿਚ ਭਾਜਪਾ ਦਾ ਝੰਡਾ ਬੁਲੰਦ ਹੋਵੇਗਾ, ਕਿਉਂਕਿ 'ਆਪ', ਕਾਂਗਰਸ ਅਤੇ ਹੋਰਨਾਂ ਪਾਰਟੀਆਂ ਤੋਂ ਸੂਬੇ ਦੇ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ | ਲੋਕਾਂ ਦੀ ਆਸ ਅਤੇ ਉਮੀਦ ਬੀ.ਜੇ.ਪੀ. ਹੈ | ਉਨਾਂ ਕਿਹਾ ਕਿ ਸੂਬੇ ਦੇ ਵਿਕਾਸ, ਤਰੱਕੀ ਅਤੇ ਖੁਸ਼ਹਾਲੀ ਲਈ ਸੂਝਵਾਨ ਸੂਬਾ ਵਾਸੀ ਆਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਅੰਦਰ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਹੇਠ ਸਰਕਾਰ ਦਾ ਗਠਨ ਕਰਨਗੇ |