ਲੁਧਿਆਣਾ, 29 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਮਾਤਾ ਚਿੰਤਪੁਰਨੀ ਮੱਥਾ ਟੇਕਣ ਗਏ ਦੋ ਨੌਜਵਾਨਾਂ ਦੀ ਸੜਕ ਹਾਦਸੇ ਵਿਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕਾਂ ਵਿਚ ਰਜਨੀਸ਼ ਕੁਮਾਰ ਅਤੇ ਉਸ ਦਾ ਦੋਸਤ ਸ਼ਾਮਿਲ ਹੈ | ਰਜਨੀਸ਼ ਕੁਮਾਰ ਦੀ ਉਮਰ 30 ਸਾਲ ਦੇ ਕਰੀਬ ਸੀ ਅਤੇ ਉਹ ਪੇਸ਼ੇ ਤੋਂ ਟੈਕਸੀ ਡਰਾਈਵਰ ਸੀ | ਅੱਜ ਸਵੇਰੇ ਰਜਨੀਸ਼ ਕੁਮਾਰ ਆਪਣੇ ਦੋਸਤਾਂ ਨਾਲ ਮਾਤਾ ਚਿੰਤਪੁਰਨੀ ਦੇ ਦਰਸ਼ਨਾਂ ਲਈ ਗਿਆ ਸੀ ਕਿ ਰਸਤੇ ਵਿਚ ਉਸ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ | ਉਨਾਂ ਦੀ ਕਾਰ ਉਨਾ ਜ਼ਿਲੇ ਵਿਚ ਇਕ ਡੂੰਘੀ ਖਾਈ ਵਿਚ ਡਿਗ ਪਈ ਅਤੇ ਕਾਰ ਖਾਈ ਵਿਚ ਡਿੱਗਣ ਉਪਰੰਤ ਉਸ ਨੂੰ ਅੱਗ ਲੱਗ ਗਈ, ਜਿਸ ਦੇ ਸਿੱਟੇ ਵਜੋਂ ਰਜਨੀਸ਼ ਉਰਫ ਪਿੰਕੀ ਤੇ ਉਸ ਦੇ ਦੋਸਤ ਦੀ ਮੌਕੇ 'ਤੇ ਹੀ ਮੌਤ ਹੋ ਗਈ | ਰਜਨੀਸ਼ ਕੁਮਾਰ ਪਹਿਲਾਂ ਈ.ਡਬਲਯੂ.ਐਸ. ਕਾਲੋਨੀ ਵਿਚ ਰਹਿੰਦਾ ਸੀ, ਪਰ ਕੁੱਝ ਦਿਨ ਪਹਿਲਾਂ ਹੀ ਉਹ ਟਿੱਬਾ ਰੋਡ 'ਤੇ ਰਹਿਣ ਲੱਗ ਪਿਆ ਸੀ | ਉਸ ਦੇ ਦੋ ਛੋਟੇ ਬੱਚੇ ਹਨ | ਘਟਨਾ ਦੀ ਸੂਚਨਾ ਮਿਲਦੇ ਹੀ ਉਸ ਦੇ ਪਰਿਵਾਰਕ ਮੈਂਬਰ ਉਨਾ ਲਈ ਰਵਾਨਾ ਹੋ ਗਏ ਸਨ |