ਲੁਧਿਆਣਾ, 29 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)- ਸੇਵਾ ਮੁਕਤ ਹੋਈ ਬਜ਼ੁਰਗ ਸਫਾਈ ਸੇਵਿਕਾ ਰਾਜ ਰਾਣੀ ਨੰੂ ਬਕਾਇਆ ਰਾਸ਼ੀ ਨਾ ਮਿਲਣ ਦੇ ਮਾਮਲੇ ਨੇ ਇਕ ਵਾਰ ਫਿਰ ਨਗਰ ਨਿਗਮ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ | ਇਸ ਮਾਮਲੇ ਨੰੂ ਲੈਕੇ ਡਾ. ਅੰਬੇਡਕਰ ਯੂਥ ਸੈਨਾ ਨੇ ਸਖਤ ਰੁੱਖ ਅਪਾਉਂਦੇ ਹੋਏ, ਨਗਰ ਨਿਗਮ ਪ੍ਰਸ਼ਾਸਨ ਨੰੂ 15 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ | ਸੈਨਾ ਦੇ ਪ੍ਰਧਾਨ ਰਾਜ ਕੁਮਾਰ ਹੈਪੀ ਅਤੇ ਸਮਾਜ ਸੇਵਕ ਮਨਜੀਤ ਸਿੰਘ ਲੋਟੇ ਦੀ ਅਗਵਾਈ ਹੇਠ ਇਕ ਵਫਦ ਨੇ ਜੋਨ-ਏ ਦੇ ਜੋਨਲ ਕਮਿਸ਼ਨਰ ਅਮਨਦੀਪ ਸਿੰਘ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਸੌਂਪਿਆ | ਉਨ੍ਹਾਂ ਦੱਸਿਆ ਕਿ ਰਾਜ ਰਾਣੀ 31 ਦਸੰਬਰ 2022 ਨੰੂ ਸੇਵਾ ਮੁਕਤ ਹੋ ਚੁੱਕੀ ਹੈ | ਪਰ ਅੱਜ ਤੱਕ ਉਸਦੀ ਬਕਾਇਆ ਰਾਸ਼ੀ ਜਾਰੀ ਨਹੀ ਕੀਤੀ ਗਈ | ਪ੍ਰਧਾਨ ਰਾਜ ਕੁਮਾਰ ਹੈਪੀ ਨੇ ਦੋਸ਼ ਲਗਾਇਆ ਕਿ ਪਿਛਲੇ ਦੋ ਸਾਲਾਂ ਤੋਂ ਬਜ਼ੁਰਗ ਮਹਿਲਾ ਨੰੂ ਵੱਖ-ਵੱਖ ਦਫਤਰਾਂ ਦੇ ਚੱਕਰ ਲਗਵਾਕੇ ਜਾਣਬੁੱਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ | ਲਗਾਤਾਰ ਭਟਕਣ ਕਾਰਨ ਉਸਦੀ ਸਿਹਤ ਤੇ ਵੀ ਗੰਭੀਰ ਅਸਰ ਪਿਆ ਹੈ | ਉਸ ਦੀਆਂ ਲੱਤਾਂ ਵਿਚ ਦਰਦ ਹੈ ਅਤੇ ਉਹ ਸਹੀ ਢੰਗ ਨਾਲ ਤੁਰ ਵੀ ਨਹੀਂ ਸਕਦੀ, ਜਦਕਿ ਦਿਲ ਦੀ ਬਿਮਾਰੀ ਕਾਰਨ ਉਸਦਾ ਇਲਾਜ ਵੀ ਚੱਲ ਰਿਹਾ ਹੈ | ਉਨ੍ਹਾਂ ਕਿਹਾ ਕਿ ਬਕਾਇਆ ਰਾਸ਼ੀ ਅਤੇ ਪੈਨਸ਼ਨ ਨਾ ਮਿਲਣ ਕਾਰਨ ਰਾਜ ਰਾਣੀ ਆਪਣੇ ਇਲਾਜ ਦਾ ਖਰਚ ਵੀ ਨਹੀਂ ਝੱਲ ਸਕਦੀ | ਉਕਤ ਆਗੂਆਂ ਵਲੋਂ ਪਿਛਲੇ ਛੇ ਮਹੀਨਿਆਂ ਦੌਰਾਨ ਨਗਰ ਨਿਗਮ ਕਮਿਸ਼ਨਰ, ਮੇਅਰ ਅਤੇ ਹੋਰ ਅਧਿਕਾਰੀਆਂ ਕੋਲ ਕਈ ਇਹ ਮਾਮਲਾ ਚੁੱਕਿਆ ਗਿਆ, ਪਰ ਹਾਲੇ ਤਕ ਕੋਈ ਹੱਲ ਨਹੀ ਨਿਕਲਿਆ | ਆਗੂਆਂ ਵਲੋਂ ਸਪੱਸ਼ਟ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ 15 ਦਿਨਾਂ ਦੇ ਅੰਦਰ ਰਾਜ ਰਾਣੀ ਨੰੂ ਉਸਦੀ ਬਕਾਇਆ ਰਾਸ਼ੀ ਜਾਰੀ ਨਾ ਕੀਤੀ ਗਈ ਤਾਂ ਉਹ ਮਹਿਲਾ ਨੰੂ ਨਾਲ ਲੈਕੇ ਜੋਨ-ਏ ਨਗਰ ਨਿਗਮ ਦੇ ਬਾਹਰ ਅਣਮਿਥੇ ਸਮੇਂ ਲਈ ਭੱੁਖ ਹੜਤਾਲ ਤੇ ਬੈਠਣਗੇ | ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਪੂਰੀ ਤਰ੍ਹਾਂ ਸੰਵਿਧਾਨਕ ਅਧਿਕਾਰਾਂ ਅਧੀਨ ਹੋਵੇਗਾ ਅਤੇ ਹੱਕ ਮਿਲਣ ਤੱਕ ਜਾਰੀ ਰਹੇਗਾ | ਇਸ ਮੌਕੇ ਅਸ਼ਵਨੀ ਕੁਮਾਰ, ਬੱਬੂ, ਰਾਹੁਲ ਕੁਮਾਰ, ਬਬਲੂ, ਵਿਜੇ ਅਤੇ ਹੋਰ ਮੌਜੂਦ ਸਨ |