ਲੁਧਿਆਣਾ, 29 ਅਪ੍ਰੈਲ (ਜਸਵਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਮੰਗ ਕਰਦਿਆਂ ਕਿਹਾ ਕਿ ਹੁਣ ਕਣਕ ਦੀ ਫ਼ਸਲ ਦੀ ਵਾਢੀ ਤਕਰੀਬਨ ਤਕਰੀਬਨ ਖਤਮ ਹੋ ਗਈ ਹੈ | ਪੰਜਾਬ ਬਿਜਲੀ ਬੋਰਡ ਪ੍ਰਸ਼ਾਸਨ ਖੇਤਾਂ ਵਾਲੀ ਬਿਜਲੀ ਸਪਲਾਈ ਵਾਲੀਆਂ ਢਿੱਲੀਆਂ ਤਾਰਾਂ, ਢਿੱਲੇ ਜੈਂਪਰਾ ਨੂੰ ਸਮਾਂ ਰਹਿੰਦੇ ਰਿਪੇਅਰ ਕਰੇ ਅਤੇ ਜੋ ਵੀ ਖੇਤਾਂ ਵਾਲੀ ਸਪਲਾਈ ਕਿਸਾਨਾਂ ਨੂੰ ਦਿੱਤੀ ਜਾਂਦੀ ਹੈ ਉਹ ਸਪਲਾਈ 8 ਘੰਟੇ ਨਿਰਵਿਘਨ ਯਕੀਨੀ ਬਣਾਈ ਜਾਵੇ | ਪ੍ਰਧਾਨ ਨੇ ਕਿਹਾ ਹੈ ਕਿ ਜਿਹੜੇ ਵੀ ਖੇਤਾਂ ਨੂੰ ਬਿਜਲੀ ਸਪਲਾਈ ਦੇਣ ਵਾਲੇ ਟਰਾਂਸਫਾਰਮਰ ਓਵਰਲੋਡ ਹਨ ਉਨ੍ਹਾਂ ਨੂੰ ਅੰਡਰਲੋਡ ਕੀਤਾ ਜਾਵੇ ਤਾਂ ਜੋ ਝੋਨੇ ਦੇ ਸੀਜਨ ਦੌਰਾਨ ਕਿਸਾਨ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ | ਹੁਣ ਬਿਜਲੀ ਸਪਲਾਈ ਦੀ ਕਿਸਾਨਾਂ ਨੂੰ ਬਹੁਤ ਲੋੜ ਹੈ ਕਿਉਂਕਿ ਇਸ ਸਮੇਂ ਝੋਨੇ ਦੀ ਪਨੀਰੀ, ਮੱਕੀ ਤੇ ਮੂੰਗੀ ਦੀ ਫਸਲ ਦੀ ਕਿਸਾਨਾਂ ਨੇ ਬਿਜਾਈ ਸ਼ੁਰੂ ਕੀਤੀ ਹੋਈ ਹੈ ਇਸ ਨੂੰ ਧਿਆਨ 'ਚ ਰੱਖਦੇ ਹੋਏ ਸਰਕਾਰ ਬਿਜਲੀ ਸਪਲਾਈ ਤੇ ਢੁਕਵੇਂ ਕਦਮ ਚੁੱਕੇ | ਲੱਖੋਵਾਲ ਨੇ ਮੰਗ ਕੀਤੀ ਕਿ ਹੁਣ ਕਿਸਾਨਾਂ ਨੇ ਆਪਣੇ ਝੋਨੇ ਫਸਲ ਦੀ ਲਵਾਈ ਲਈ ਪਨੀਰੀ ਦੀ ਬਿਜਾਈ ਸ਼ੁਰੂ ਕਰ ਦਿੱਤੀ ਹੈ ਅਤੇ ਜਦੋਂ ਤੱਕ ਝੋਨੇ ਦੀ ਲਵਾਈ ਸ਼ੁਰੂ ਹੋਣੀ ਹੈ ਤਾਂ ਸਰਕਾਰ ਉਸ ਲਵਾਈ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਵੱਡੀਆਂ, ਛੋਟੀਆਂ ਨਹਿਰਾਂ, ਸੂਇਆਂ, ਕੱਸੀਆਂ ਦੀ ਸਫਾਈ ਕਰਾ ਕੇ ਨਹਿਰਾਂ ਵਿਚ ਸਮਾਂ ਰਹਿੰਦੇ ਪੂਰੇ ਪਾਣੀ ਦੀ ਸਪਲਾਈ ਛੱਡੇ |