ਲੁਧਿਆਣਾ, 29 ਅਪ੍ਰੈਲ (ਡਾ. ਤਰਲੋਚਨ ਸਿੰਘ)-ਆਮ ਆਦਮੀ ਪਾਰਟੀ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਮਰਿੰਦਰ ਸਿੰਘ ਐਮ.ਪੀ. ਜਵੱਦੀ ਨੇ ਇਕ ਬਿਆਨ ਰਾਹੀਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਿਚ ਜਾਣ ਵਾਲੇ ਪਾਰਟੀ ਦੇ 7 ਰਾਜ ਸਭਾ ਮੈਂਬਰਾਂ ਵਲੋਂ ਕੇਵਲ ਪਾਰਟੀ ਨਾਲ ਹੀ ਨਹੀਂ, ਸਗੋਂ ਸਮੂਹ ਪੰਜਾਬੀਆਂ ਨਾਲ ਧੋਖਾ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਰਾਜ ਸਭਾ ਵਿਚ ਇਹਨਾਂ ਮੈਂਬਰਾਂ ਨੂੰ ਇਸ ਕਰਕੇ ਭੇਜਿਆ ਗਿਆ ਸੀ ਕਿ ਇਹ ਰਾਜ ਸਭਾ ਵਿਚ ਜਾ ਕੇ ਪੰਜਾਬ ਦੇ ਮੁੱਦਿਆਂ ਨੂੰ ਚੁੱਕਣਗੇ, ਪਰ ਇਹਨਾਂ ਨੇ ਪੰਜਾਬ ਦੇ ਮੁੱਦਿਆਂ ਨੂੰ ਚੁੱਕਣ ਦੀ ਬਜਾਏ ਉੱਥੇ ਖਾਮੋਸ਼ੀ ਹੀ ਧਾਰਨ ਕਰੀ ਰੱਖੀ | ਉਨ੍ਹਾਂ ਕਿਹਾ ਕਿ ਪਾਰਟੀ ਨਾਲ ਗ਼ੱਦਾਰੀ ਕਰਨ ਵਾਲੇ ਇਨ੍ਹਾਂ ਰਾਜ ਸਭਾ ਮੈਂਬਰਾਂ ਨੂੰ ਪਾਰਟੀ ਵਲੋਂ ਦਿੱਤਾ ਗਿਆ ਮਾਣ ਸਨਮਾਨ ਹਜ਼ਮ ਨਹੀਂ ਹੋਇਆ | ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਹਮੇਸ਼ਾ ਹੀ ਪੰਜਾਬੀਆਂ ਦੇ ਵਿਰੁੱਧ ਰਹੀ ਹੈ | ਉਸ ਨੇ ਕਦੇ ਵੀ ਪੰਜਾਬ ਦੇ ਹਿਤਾਂ ਬਾਰੇ ਨਹੀਂ ਸੋਚਿਆ, ਸਗੋਂ ਉਸ ਨੇ ਪੰਜਾਬ ਨੂੰ ਤਬਾਹੀ ਦੇ ਕੰਢੇ 'ਤੇ ਲਿਆਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ | ਉਨ੍ਹਾਂ ਕਿਹਾ ਕਿ ਇਹਨਾਂ ਰਾਜ ਸਭਾ ਮੈਂਬਰਾਂ ਵਲੋਂ ਪੰਜਾਬੀਆਂ ਨਾਲ ਕੀਤੇ ਗਏ ਧੋਖੇ ਦਾ ਖ਼ਮਿਆਜ਼ਾ ਇਕ ਨਾ ਇਕ ਦਿਨ ਜ਼ਰੂਰ ਭੁਗਤਣਾ ਪਵੇਗਾ |