ਲੁਧਿਆਣਾ, 30 ਅਪ੍ਰੈਲ (ਜਤਿੰਦਰ ਭੰਬੀ)-ਸਵ. ਗਿਆਨੀ ਜੈਲ ਸਿੰਘ ਸਾਬਕਾ ਰਾਸ਼ਟਰਪਤੀ ਭਾਰਤ ਸਰਕਾਰ ਅਤੇ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਜਨਮ ਦਿਨ 'ਤੇ ਓ.ਬੀ.ਸੀ/ ਬੀ.ਸੀ/ ਐਸ.ਸੀ. ਵਲੋਂ ਵਿਸ਼ਾਲ ਸਮਾਗਮ 5 ਮਈ ਨੂੰ ਗੁਰੂ ਨਾਨਕ ਭਵਨ ਲੁਧਿਆਣਾ ਵਿਖੇ ਕਰਵਾਇਆ ਜਾਵੇਗਾ | ਇਹ ਜਾਣਕਾਰੀ ਕੁੱਲ ਹਿੰਦ ਕਾਂਗਰਸ ਓ.ਬੀ.ਸੀ. ਵਿਭਾਗ ਦੇ ਵਾਈਸ ਪ੍ਰਧਾਨ ਇੰਦਰਜੀਤ ਬੱਬੂ ਅਤੇ ਕੁੱਲ ਹਿੰਦ ਕਾਂਗਰਸ ਦੇ ਓ.ਬੀ.ਸੀ. ਦੇ ਕੋਆਰਡੀਨੇਟਰ ਕਿ੍ਸ਼ਨ ਕੁਮਾਰ ਬਾਵਾ ਇੰਚਾਰਜ ਹਿਮਾਚਲ ਪ੍ਰਦੇਸ਼ ਨੇ ਸਾਂਝੇ ਤੌਰ 'ਤੇ ਦਿੱਤੀ | ਬੱਬੂ ਅਤੇ ਬਾਵਾ ਨੇ ਕਿਹਾ ਕਿ ਗਿਆਨੀ ਜੈਲ ਸਿੰਘ ਮਹਾਨ ਦੇਸ਼ ਭਗਤ, ਸੁਤੰਤਰਤਾ ਸੰਗਰਾਮੀ, ਦੂਰਅੰਦੇਸ਼ ਸੋਚ ਦੇ ਉਚਕੋਟੀ ਦੇ ਨੇਤਾ ਸਨ | ਉਨ੍ਹਾਂ ਨੇ ਹਮੇਸ਼ਾ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਕੰਮ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪਛੜੀਆਂ ਸ਼੍ਰੇਣੀਆਂ ਨਾਲ ਸੰਬੰਧਿਤ 71 ਜਾਤੀਆਂ ਹਨ ਅਤੇ ਤਕਰੀਬਨ 40 ਫ਼ੀਸਦੀ ਵੋਟ ਹੈ, ਪਰ ਸਿਆਸੀ ਖੇਤਰ ਵਿਚ ਆਬਾਦੀ ਦੇ ਆਧਾਰ 'ਤੇ ਨੁਮਾਇੰਦਗੀ ਨਾ ਮਿਲਣਾ ਲੋਕਤੰਤਰ ਵਿਚ ਬੇਇਨਸਾਫ਼ੀ ਹੈ | ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਜੋ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਨ, ਉਨ੍ਹਾਂ ਨੇ ਪਛੜੀਆਂ ਸ਼੍ਰੇਣੀਆਂ (ਓ.ਬੀ.ਸੀ) ਨੂੰ ਆਬਾਦੀ ਦੇ ਆਧਾਰ 'ਤੇ ਸਿਆਸੀ ਨੁਮਾਇੰਦਗੀ ਦੇਣ ਦਾ ਭਾਰਤ ਦੇ ਲੋਕਾਂ ਨਾਲ ਵਾਅਦਾ ਕੀਤਾ ਹੈ ਅਤੇ ਪਾਰਟੀ ਅੰਦਰ ਉਹ ਇਸ ਸੰਦਰਭ ਵਿਚ ਉਸਾਰੂ ਫ਼ੈਸਲੇ ਲੈ ਰਹੇ ਹਨ |