ਲੁਧਿਆਣਾ, 30 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚੋਂ ਨਸ਼ੀਲੀਆਂ ਗੋਲੀਆਂ ਅਤੇ ਹੈਰੋਇਨ ਬਰਾਮਦ ਕੀਤੀ ਹੈ | ਪਹਿਲੇ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 4 ਵਿਖੇ ਤੈਨਾਤ ਸਹਾਇਕ ਥਾਣੇਦਾਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਸਬੰਧੀ ਇਲਾਕੇ ਵਿਚ ਮੌਜੂਦ ਸਨ ਤਾਂ ਮੁਲਜ਼ਮ ਨੂੰ ਨਸ਼ੀਲੀਆਂ ਗੋਲੀਆਂ ਵੇਚਣ ਲਈ ਦਰੇਸੀ ਗਰਾਊਾਡ ਨੇੜੇ ਐਸ.ਐਨ.ਜੈਨ. ਸਕੂਲ ਲਾਗੇ ਖੜ ਕੇ ਆਪਣੇ ਗਾਹਕਾਂ ਦੀ ਉਡੀਕ ਕਰਦੇ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ 500 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ | ਮੁਲਜ਼ਮ ਦੀ ਸ਼ਨਾਖ਼ਤ ਅੰਕੁਸ਼ ਸੰਜੀਵ ਕੁਮਾਰ ਵਜੋਂ ਹੋਈ ਹੈ | ਦੂਜੇ ਮਾਮਲੇ ਵਿਚ ਥਾਣਾ ਸਰਾਭਾ ਨਗਰ ਵਿਖੇ ਤੈਨਾਤ ਏ.ਐਸ.ਆਈ. ਰਜਿੰਦਰ ਕੁਮਾਰ ਨੇ ਦੱਸਿਆ ਕਿ ਉਹ ਗਸ਼ਤ ਸਬੰਧੀ ਇਲਾਕੇ ਵਿਚ ਮੌਜੂਦ ਸਨ ਤਾਂ ਮੁਲਜ਼ਮ ਨੂੰ ਨੇੜੇ ਕੱਚ ਦਾ ਗੋਦਾਮ ਬਾਬਾ ਨੰਦ ਸਿੰਘ ਨਗਰ ਤੋਂ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ 7 ਗ੍ਰਾਮ ਹੈਰੋਇਨ ਬਰਾਮਦ ਕੀਤੀ | ਮੁਲਜ਼ਮ ਦੀ ਸ਼ਨਾਖ਼ਤ ਰਾਹੁਲ ਵਜੋਂ ਹੋਈ ਹੈ | ਤੀਜੇ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 8 ਵਿਖੇ ਤੈਨਾਤ ਹੌਲਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਗਸ਼ਤ ਸਬੰਧੀ ਇਲਾਕੇ ਵਿਚ ਮੌਜੂਦ ਸਨ ਤਾਂ ਮੁਲਜ਼ਮ ਨਸ਼ੀਲੀਆਂ ਗੋਲੀਆਂ ਵੇਚਣ ਲਈ ਨੇੜੇ ਚੰਦਰ ਨਗਰ ਪੁਲੀ 'ਤੇ ਖੜ ਕੇ ਆਪਣੇ ਗਾਹਕਾਂ ਦੀ ਉਡੀਕ ਕਰ ਰਿਹਾ ਸੀ, ਜਿਸ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ 25 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ | ਮੁਲਜ਼ਮ ਦੀ ਸ਼ਨਾਖ਼ਤ ਵਿਕਾਸ ਸ਼ਰਮਾ ਵਜੋਂ ਹੋਈ ਹੈ |