ਲੁਧਿਆਣਾ, 11 ਮਈ (ਪਰਮਿੰਦਰ ਸਿੰਘ ਆਹੂਜਾ)-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਜਾਰੀ ਨਿਰਦੇਸ਼ਾਂ ਦੀ ਪਾਲਨਾ ਕਰਦੇ ਹੋਏ ਟਰਾਂਸਪੋਰਟ ਵਿਭਾਗ ਨੇ ਦੱਸਿਆ ਹੈ ਕਿ ਜ਼ਿਲੇ੍ਹ ਵਿਚ ਰਜਿਸਟਰਡ ਕਈ ਵਾਹਨਾਂ ਨੂੰ ਸਰਕਾਰੀ ਬਕਾਏ ਦੀ ਅਦਾਇਗੀ ਨਾ ਕਰਨ ਕਰਕੇ ਬਲੈਕਲਿਸਟ ਕੀਤਾ ਗਿਆ ਹੈ | ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਅਜਿਹੇ ਬਲੈਕਲਿਸਟ ਕੀਤੇ ਵਾਹਨਾਂ ਦੇ ਸਾਰੇ ਰਜਿਸਟਰਡ ਮਾਲਕਾਂ ਅਤੇ ਨਾਲ ਹੀ ਡਿਫਾਲਟਰਾਂ, ਜਿਨ੍ਹਾਂ ਵਿਰੁੱਧ ਰਿਕਵਰੀ ਕਾਰਵਾਈਆਂ ਲੰਬਿਤ ਹਨ, ਨੂੰ ਬਕਾਏ/ਚਾਲਾਨ ਤੁਰੰਤ ਕਲੀਅਰ ਕਰਨ ਅਤੇ ਸਬੰਧਿਤ ਅਧਿਕਾਰੀਆਂ ਨਾਲ ਆਪਣੇ ਕੇਸਾਂ ਨੂੰ ਬਿਨਾਂ ਦੇਰੀ ਦੇ ਨਿਯਮਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ | ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿਚ ਪੁਲਿਸ ਵਿਭਾਗ ਅਤੇ ਟਰਾਂਸਪੋਰਟ ਵਿਭਾਗ ਵਲੋਂ ਸਾਂਝੇ ਤੌਰ 'ਤੇ ਇਕ ਵਿਸ਼ੇਸ਼ ਇਨਫੋਰਸਮੈਂਟ ਮੁਹਿੰਮ ਚਲਾਈ ਜਾ ਰਹੀ ਹੈ | ਇਸ ਮੁਹਿੰਮ ਦੌਰਾਨ ਸੜਕਾਂ 'ਤੇ ਚੱਲਦੇ ਪਾਏ ਜਾਣ ਵਾਲੇ ਕਿਸੇ ਵੀ ਬਲੈਕਲਿਸਟ ਕੀਤੇ ਵਾਹਨ ਨੂੰ ਮੋਟਰ ਵਹੀਕਲ ਐਕਟ, 1988 ਦੇ ਸੰਬੰਧਿਤ ਉਪਬੰਧਾਂ ਅਤੇ ਇਸ ਅਧੀਨ ਬਣਾਏ ਗਏ ਨਿਯਮਾਂ ਅਧੀਨ ਜ਼ਬਤ ਕੀਤਾ ਜਾਵੇਗਾ | ਉਨ੍ਹਾਂ ਅੱਗੇ ਕਿਹਾ ਕਿ ਬਲੈਕਲਿਸਟ ਕੀਤੇ ਵਾਹਨਾਂ ਅਤੇ ਬਕਾਇਆ ਰਿਕਵਰੀ ਡਿਫਾਲਟਰਾਂ ਦੀ ਸੂਚੀ ਖੇਤਰੀ ਟਰਾਂਸਪੋਰਟ ਅਫ਼ਸਰ (ਆਰ.ਟੀ.ਓ.), ਲੁਧਿਆਣਾ ਦੇ ਦਫ਼ਤਰ ਵਿਖੇ ਉਪਲਬਧ ਹੈ ਅਤੇ ਜ਼ਿਲ੍ਹਾ ਲੁਧਿਆਣਾ ਦੇ ਸਬੰਧਿਤ ਉਪ-ਮੰਡਲ ਮੈਜਿਸਟ੍ਰੇਟ (ਐਸ.ਡੀ.ਐਮ.) ਦੇ ਦਫ਼ਤਰਾਂ ਵਿਚ ਵੀ ਇਹ ਸੂਚੀ ਲਗਾਈ ਜਾਵੇਗੀ | ਸਾਰੇ ਸਬੰਧਿਤ ਵਾਹਨ ਮਾਲਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਵਾਹਨਾਂ ਦੀ ਸਥਿਤੀ ਦੀ ਪੁਸ਼ਟੀ ਕਰਨ ਅਤੇ ਕਾਨੂੰਨੀ ਕਾਰਵਾਈ ਅਤੇ ਜ਼ਬਤ ਕਰਨ ਦੀ ਕਾਰਵਾਈ ਤੋਂ ਬਚਣ ਲਈ ਤੁਰੰਤ ਪਾਲਨਾ ਨੂੰ ਯਕੀਨੀ ਬਣਾਉਣ |