ਲੁਧਿਆਣਾ, 11 ਮਈ (ਪਰਮਿੰਦਰ ਸਿੰਘ ਆਹੂਜਾ)-ਪਿੰਡ ਕਾਦੀਆਂ ਨੇੜੇ ਹੋਏ ਇਕ ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖਤ ਰਵੀ (18) ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਕਾਦੀਆਂ ਵਜੋਂ ਕੀਤੀ ਗਈ ਹੈ | ਰਵੀ ਕੁਮਾਰ ਮੋਟਰਸਾਈਕਲ 'ਤੇ ਆਪਣੀ ਮਾਤਾ ਨੂੰ ਮੁੱਖ ਸੜਕ 'ਤੇ ਛੱਡ ਕੇ ਵਾਪਸ ਘਰ ਜਾ ਰਿਹਾ ਸੀ ਕਿ ਇਕ ਤੇਜ਼ ਰਫ਼ਤਾਰ ਦੇ ਟਿੱਪਰ ਨੇ ਉਸ ਨੂੰ ਟੱਕਰ ਮਾਰ ਦਿੱਤੀ | ਸਿੱਟੇ ਵਜੋਂ ਉਹ ਮੌਕੇ 'ਤੇ ਦਮ ਤੋੜ ਗਿਆ | ਅੱਖੀਂ ਦੇਖਣ ਵਾਲਿਆਂ ਮੁਤਾਬਿਕ ਟਿੱਪਰ ਦੀ ਰਫ਼ਤਾਰ ਇੰਨੀ ਜ਼ਿਆਦਾ ਤੇਜ਼ ਸੀ ਕਿ ਚਾਲਕ ਆਪਣਾ ਸੰਤੁਲਨ ਗਵਾ ਬੈਠਾ ਅਤੇ ਉਸ ਨੇ ਮੋਟਰਸਾਈਕਲ 'ਤੇ ਜਾ ਰਹੇ ਰਵੀ ਨੂੰ ਆਪਣੀ ਲਪੇਟ ਵਿਚ ਲੈ ਲਿਆ | ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ | ਪੁਲਿਸ ਵਲੋਂ ਹਾਲ ਦੀ ਘੜੀ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ ਟਿੱਪਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ | ਪੁਲਿਸ ਵਲੋਂ ਇਸ ਸੰਬੰਧੀ ਕੇਸ ਦਰਜ ਕੀਤਾ ਜਾ ਰਿਹਾ ਹੈ |