ਲੁਧਿਆਣਾ, 11 ਮਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਪੀ.ਏ.ਯੂ. ਦੇ ਘੇਰੇ ਅੰਦਰ ਪੈਂਦੇ ਇਲਾਕੇ ਕਿਚਲੂ ਨਗਰ ਵਿਚ ਬੀਤੀ ਅੱਧੀ ਰਾਤ ਕਾਰੋਬਾਰੀ ਦੇ ਘਰ 'ਤੇ ਗੋਲੀਆਂ ਚਲਾ ਕੇ ਦੋ ਮੋਟਰਸਾਈਕਲ ਸਵਾਰ ਨੌਜਵਾਨ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਕਿਚਲੂ ਨਗਰ ਦੇ ਰਹਿਣ ਵਾਲੇ ਰਮਿਤ ਕਾਲੜਾ ਦੇ ਘਰ ਰਾਤ 12:30 ਵਜੇ ਦੇ ਕਰੀਬ ਦੋ ਮੋਟਰਸਾਈਕਲ ਸਵਾਰਾਂ ਵਲੋਂ ਅੰਨੇ੍ਹਵਾਹ ਗੋਲੀਆਂ ਚਲਾਈਆਂ ਗਈਆਂ | ਇਨ੍ਹਾਂ ਨੌਜਵਾਨਾਂ ਵਲੋਂ ਉੱਥੇ ਚਾਰ ਰੋਂਦ ਗੋਲੀਆਂ ਚਲਾਈਆਂ ਗਈਆਂ | ਘਟਨਾ ਦਾ ਪਤਾ ਅੱਜ ਸਵੇਰੇ ਉਸ ਵਕਤ ਲੱਗਾ, ਜਦੋਂ ਕਾਲੜਾ ਅਤੇ ਉਸ ਦੇ ਪਰਿਵਾਰਕ ਮੈਂਬਰ ਆਪਣੇ ਘਰ ਦੇ ਵਿਹੜੇ ਵਿਚ ਆਏ ਤਾਂ ਉਨ੍ਹਾਂ ਦੇਖਿਆ ਕਿ ਘਰ ਦੇ ਅੰਦਰ ਵਿਹੜੇ ਵਿਚ ਖੋਲ੍ਹ ਪਏ ਹੋਏ ਹਨ, ਜਿਸ 'ਤੇ ਉਨ੍ਹਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ | ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ | ਕਾਲੜਾ ਪਰਿਵਾਰ ਦਾ ਦਵਾਈਆਂ ਦਾ ਵੱਡਾ ਕਾਰੋਬਾਰ ਹੈ | ਪੁਲਿਸ ਵਲੋਂ ਜਦੋਂ ਸੀ.ਸੀ. ਟੀਵੀ ਕੈਮਰੇ ਚੈੱਕ ਕੀਤੇ ਗਏ ਤਾਂ ਪਤਾ ਲੱਗਾ ਕਿ ਦੋ ਮੋਟਰਸਾਈਕਲ ਸਵਾਰ ਨੌਜਵਾਨ ਕਾਲੜਾ ਦੇ ਘਰ ਦੇ ਬਾਹਰ ਰੁਕਦੇ ਹਨ ਅਤੇ ਉਨ੍ਹਾਂ 'ਚੋਂ ਪਿੱਛੇ ਬੈਠਾ ਨੌਜਵਾਨ ਆਪਣੇ ਪਾਸ ਰੱਖੀ ਪਿਸਤੌਲ ਕੱਢਦਾ ਹੈ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦਾ ਹੈ | ਉਪਰੰਤ ਇਹ ਦੋਵੇਂ ਨੌਜਵਾਨ ਮੋਟਰਸਾਈਕਲ 'ਤੇ ਹੀ ਫ਼ਰਾਰ ਹੋ ਜਾਂਦੇ ਹਨ | ਜਾਂਚ ਕਰ ਰਹੇ ਅਧਿਕਾਰੀ ਐਸ.ਐਚ.ਓ. ਰਜਿੰਦਰ ਪਾਲ ਨੇ ਦੱਸਿਆ ਕਿ ਪੁਲਿਸ ਵਲੋਂ ਇਸ ਮਾਮਲੇ ਵਿਚ ਕੇਸ ਦਰਜ ਕੀਤਾ ਜਾ ਰਿਹਾ ਹੈ ਅਤੇ ਸੀ.ਸੀ. ਟੀਵੀ ਕੈਮਰੇ ਦੀ ਫੁਟੇਜ ਕਬਜ਼ੇ 'ਚ ਲੈ ਲਈ ਹੈ | ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੀ ਸ਼ਨਾਖਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਪਰਿਵਾਰ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੂੰ ਪਿਛਲੇ ਦਿਨਾਂ 'ਚ ਕੋਈ ਧਮਕੀ ਆਈ ਹੈ | ਪੁਲਿਸ ਵਲੋਂ ਇਸ ਮਾਮਲੇ 'ਚ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੇ ਜਾਣ ਬਾਰੇ ਕਿਹਾ ਜਾ ਰਿਹਾ ਹੈ |