ਲੁਧਿਆਣਾ, 11 ਮਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲਿਸ ਨੇ ਤੇਲ ਕਾਰੋਬਾਰੀ ਤੋਂ 2 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਵਿਚ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਰਾਜਸਥਾਨ ਨਾਲ ਸੰਬੰਧ ਰੱਖਣ ਵਾਲੇ ਤੇਲ ਵਪਾਰੀ ਵਿਨੇ ਮਹੇਸ਼ਵਰੀ ਨੂੰ ਪਿਛਲੇ ਕੁੱਝ ਦਿਨਾਂ ਤੋਂ ਅਣਪਛਾਤੇ ਵਿਅਕਤੀਆਂ ਵਲੋਂ ਗੈਂਗਸਟਰਾਂ ਦੇ ਨਾਂਅ 'ਤੇ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਸੀ | ਇਨ੍ਹਾਂ ਵਲੋਂ ਤਿੰਨ ਵਾਰ ਵਿਨੇ ਮਹੇਸ਼ਵਰੀ ਨੂੰ ਫ਼ੋਨ ਕੀਤਾ ਗਿਆ | ਪਹਿਲੀ ਵਾਰ ਇਨ੍ਹਾਂ ਵਲੋਂ ਉਨ੍ਹਾਂ ਪਾਸੋਂ ਇਕ ਕਰੋੜ ਉਸ ਤੋਂ ਬਾਅਦ ਡੇਢ ਅਤੇ ਫਿਰ ਦੋ ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ | ਵਿਨੇ ਮਹੇਸ਼ਵਰੀ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ 'ਚ ਲਿਆਂਦਾ ਤਾਂ ਪੁਲਿਸ ਵਲੋਂ ਇਸ ਮਾਮਲੇ 'ਚ ਕੇਸ ਦਰਜ ਕਰ ਲਿਆ | ਪੁਲਿਸ ਵਲੋਂ ਹਾਲ ਦੀ ਘੜੀ ਇਸ ਮਾਮਲੇ ਵਿਚ ਜ਼ਿਆਦਾ ਕੁੱਝ ਦੱਸਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ | ਜਾਂਚ ਅਧਿਕਾਰੀ ਐਸ.ਐਚ.ਓ. ਅਮਰਜੀਤ ਸਿੰਘ ਨੇ ਦੱਸਿਆ ਕਿ ਉਚ ਅਧਿਕਾਰੀਆਂ ਵਲੋਂ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਹੋਇਆਂ ਇਹ ਮਾਮਲਾ ਸੀ.ਆਈ.ਏ. ਸਟਾਫ਼ ਦੇ ਹਵਾਲੇ ਕੀਤਾ ਹੈ ਅਤੇ ਸੀ.ਆਈ.ਏ. ਸਟਾਫ਼ ਵਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ | ਸੂਤਰਾਂ ਅਨੁਸਾਰ ਪੁਲਿਸ ਵਲੋਂ ਇਸ ਮਾਮਲੇ 'ਚ 2 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ, ਜੋ ਕਿ ਰਾਜਸਥਾਨ ਦੇ ਹੀ ਰਹਿਣ ਵਾਲੇ ਹਨ¢ ਪੁਲਿਸ ਵਲੋਂ ਹੁਣ ਉਨ੍ਹਾਂ ਦੀ ਗਿ੍ਫ਼ਤਾਰੀ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ |