ਇਆਲੀ/ਥਰੀਕੇ 11 ਮਈ (ਮਨਜੀਤ ਸਿੰਘ ਦੁੱਗਰੀ)-ਆਧੁਨਿਕਤਾ ਦੇ ਇਸ ਯੁੱਗ ਵਿਚ ਜਿਵੇਂ-ਜਿਵੇਂ ਸਾਡਾ ਰਹਿਣ-ਸਹਿਣ ਬਦਲ ਰਿਹਾ ਹੈ, ਓਵੇਂ ਓਵੇਂ ਸਾਡਾ ਰਿਵਾਇਤੀ ਤਿਉਹਾਰਾਂ ਅਤੇ ਵਿਸ਼ੇਸ਼ ਦਿਨਾਂ ਨੂੰ ਮਨਾਉਣ ਦਾ ਤਰੀਕਾ ਵੀ ਬਦਲ ਰਿਹਾ ਹੈ | ਹਰ ਵਰ੍ਹੇ 10 ਮਈ ਨੂੰ ਮਾਂ ਦਿਵਸ ਮਨਾਇਆ ਜਾਂਦਾ ਹੈ ਅਤੇ ਹਰ ਕੋਈ ਇਸ ਦਿਨ ਆਪਣੀ ਮਾਂ ਨੂੰ ਪਿਆਰ ਅਤੇ ਸਤਿਕਾਰ ਭੇਟ ਕਰਦਾ ਹੈ | ਜੇਕਰ ਲੁਧਿਆਣਾ ਸ਼ਹਿਰ ਦੀ ਗੱਲ ਕਰੀਏ ਤਾਂ ਕੱਲ੍ਹ ਲੰਘੇ ਐਤਵਾਰ ਨੂੰ ਲੋਕਾਂ ਵਲੋਂ ਮਨਾਏ ਗਏ ਮਾਂ ਦਿਵਸ ਮੌਕੇ ਇਸ ਵਾਰ ਕੇਕ ਦੀ ਰਿਕਾਰਡ ਤੋੜ ਵਿੱਕਰੀ ਹੋਈ ਹੈ ਅਤੇ ਸ਼ਾਮ ਵੇਲੇ ਕਈ ਨਾਮੀ ਦੁਕਾਨਾਂ ਤੋਂ ਕੇਕ ਲਈ ਗਾਹਕ ਵਾਪਸ ਮੁੜਦੇ ਦੇਖੇ ਗਏ ਕਿਉਂਕਿ ਪਹਿਲਾਂ ਲੋਕਾਂ ਵਲੋਂ ਜਨਮ ਦਿਨ ਜਾਂ ਵਿਆਹ ਦੀ ਵਰ੍ਹੇਗੰਢ 'ਤੇ ਹੀ ਕੇਕ ਕੱਟਿਆ ਜਾਂਦਾ ਸੀ, ਪਰ ਜਿਉਂ-ਜਿਉਂ ਅਸੀਂ ਆਧੁਨਿਕਤਾ ਵੱਲ ਵੱਧ ਰਹੇ ਹਾਂ, ਤਿਉਂ ਤਿਉਂ ਹੁਣ ਹਰ ਖ਼ੁਸ਼ੀ ਜਾਂ ਵਿਸ਼ੇਸ਼ ਦਿਨ 'ਤੇ ਕੇਕ ਕੱਟਣ ਦਾ ਰੁਝਾਨ ਵਧਦਾ ਜਾ ਰਿਹਾ ਹੈ | ਅਜਿਹਾ ਹੀ ਐਤਵਾਰ ਨੂੰ ਬੇਕਰੀ ਦੀਆਂ ਦੁਕਾਨਾਂ 'ਤੇ ਦੇਖਣ ਨੂੰ ਮਿਲਿਆ, ਜਿੱਥੇ ਕੇਕ ਦਾ ਆਰਡਰ 'ਤੇ ਆਰਡਰ ਕਰਨ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ | ਕੇਕ ਦੀ ਸਪਲਾਈ ਦਾ ਕੰਮ ਕਰਨ ਵਾਲੇ ਮੋਨੂੰ ਅਰੋੜਾ ਨੇ ਦੱਸਿਆ ਕਿ ਇਸ ਵਾਰ ਮਾਂ ਦਿਵਸ (ਮਦਰ ਡੇ) ਮੌਕੇ ਕੇਕ ਦੀ ਰਿਕਾਰਡ ਤੋੜ ਵਿੱਕਰੀ ਹੋਈ ਹੈ | ਧਾਂਦਰਾ ਸੜਕ ਸਥਿਤ ਹਿਮਾਚਲ ਸਵੀਟਸ ਦੇ ਐਮ.ਡੀ. ਸੰਦੀਪ ਰਾਣਾ ਨੇ ਦੱਸਿਆ ਕਿ ਇਸ ਵਾਰ ਲੋਕਾਂ ਅੰਦਰ ਮਠਿਆਈਆਂ ਨਾਲੋਂ ਕੇਕ ਖ਼ਰੀਦਣ ਦਾ ਰੁਝਾਨ ਜ਼ਿਆਦਾ ਰਿਹਾ |