ਚੰਡੀਗੜ੍ਹ, 11 ਮਈ (ਪ੍ਰੋ. ਅਵਤਾਰ ਸਿੰਘ)ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੰਗ ਕੀਤੀ ਕਿ ਲੁਧਿਆਣਾ ਦੇ ਇਕ ਵਿਧਾਇਕ ਵਲੋਂ ਆਪਣੇ ਨਿੱਜੀ ਸਹਾਇਕ ਦੇ ਬੈਂਕ ਖ਼ਾਤੇ ਵਰਤ ਕੇ ਹਵਾਲਾ ਰਾਸ਼ੀ ਸਮੇਤ ਵਿਆਪਕ ਭਿ੍ਸ਼ਟਾਚਾਰ ਕੀਤਾ | ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਲੁਧਿਆਣਾ ਦੇ ਇਕ ਵਿਧਾਇਕ ਨੇ ਆਪਣੇ ਨਿੱਜੀ ਸਹਾਇਕ ਨਿਖਿਲ ਨੂੰ ਮੋਹਰਾ ਬਣਾ ਕੇ 87 ਵਿਅਕਤੀ ਜਿਨ੍ਹਾਂ ਨੂੰ ਨਗਰ ਨਿਗਮ ਲੁਧਿਆਣਾ ਵਿਚ ਠੇਕੇ 'ਤੇ ਰੱਖਿਆ ਗਿਆ ਤੇ 39 ਵਿਅਕਤੀ ਜਿਨ੍ਹਾਂ ਨੂੰ ਕਲਰਕ ਵਜੋਂ ਰੱਖਿਆ ਗਿਆ ਤੋਂ 1.10 ਕਰੋੜ ਰੁਪਏ ਇਕੱਠੇ ਕੀਤੇ | ਉਨ੍ਹਾਂ ਦੱਸਿਆ ਕਿ ਜਾਅਲੀ ਲਿਸਟਾਂ ਬਣਾ ਕੇ ਦਰਸਾਇਆ ਗਿਆ ਕਿ ਇਹ ਉਮੀਦਵਾਰ ਚੁਣੇ ਗਏ ਹਨ ਪਰ ਜਦੋਂ ਘੁਟਾਲੇ ਦਾ ਪਰਦਾਫਾਸ਼ ਹੋਇਆ ਤਾਂ ਐਮ.ਐਲ.ਏ. ਨੇ ਆਪਣੇ ਪੀ.ਏ. ਨੂੰ ਆਖਿਆ ਕਿ ਉਹ ਸ਼ਹਿਰ ਛੱਡ ਜਾਵੇ ਨਹੀਂ ਤਾਂ ਉਹ ਮਾਰਿਆ ਜਾਵੇਗਾ | ਵਿਧਾਇਕ ਵਲੋਂ ਕੀਤੇ ਇਕ ਹੋਰ ਘੁਟਾਲੇ ਨੂੰ ਬੇਨਕਾਬ ਕਰਦਿਆਂ ਮਜੀਠੀਆ ਨੇ ਕਿਹਾ ਕਿ ਐਮ.ਐਲ.ਏ. ਨੇ ਦੋ ਵਾਰ ਆਪਣੇ ਪੀ.ਏ. ਦੇ ਖਾਤੇ ਵਿਚ ਪੈਸੇ ਮੰਗਵਾਏ ਤੇ ਫਿਰ ਉਸ ਦੇ ਪਰਿਵਾਰਕ ਮੈਂਬਰਾਂ ਰਾਹੀਂ ਇਹ ਕੱਢਵਾ ਲਏ | ਉਨ੍ਹਾਂ ਕਿਹਾ ਕਿ ਹੁਣ ਲੁਧਿਆਣਾ ਪੁਲਿਸ ਵਿਧਾਇਕ ਦੇ ਨਿੱਜੀ ਸਹਾਇਕ ਨਿਖਿਲ ਦੇ ਘਰ 'ਤੇ ਛਾਪੇਮਾਰੀ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਸਪਸ਼ਟ ਹੈ ਕਿ ਨਿਖਿਲ ਨੂੰ ਮੌਜੂਦਾ ਸਰਕਾਰ ਵਿਚ ਨਿਆਂ ਨਹੀਂ ਮਿਲ ਸਕਦਾ | ਉਨ੍ਹਾਂ ਕਿਹਾ ਕਿ ਉਹ ਮੰਗ ਕਰਦੇ ਹਨ ਕਿ ਇਹ ਕੇਸ ਲੁਧਿਆਣਾ ਪੁਲਿਸ ਤੋਂ ਤਬਦੀਲ ਕਰਕੇ ਕਿਸੇ ਕੇਂਦਰੀ ਏਜੰਸੀ ਨੂੰ ਦਿੱਤਾ ਜਾਵੇ ਤਾਂ ਜੋ ਸਾਰੀ ਜਾਂਚ ਹੋ ਸਕੇ |
ਮਜੀਠੀਆ ਨੇ ਹਵਾਲਾ ਰਾਸ਼ੀ ਸਮੇਤ ਵਿਆਪਕ ਭਿ੍ਸ਼ਟਾਚਾਰ ਲਈ ਇਕ ਵਿਧਾਇਕ ਖਿਲਾਫ ਈ.ਡੀ. ਜਾਂਚ ਮੰਗੀ
ਅਜੀਤ ਡੈਸਕ
12-05-2026